ਦੋ ਦਿਨ ਪਹਿਲਾਂ ਬਣੀ ਸਰਪੰਚ ਯੂਨੀਅਨ ਦੇ ਆਗੂਆਂ ਵੱਲੋਂ ਨਵੀ ਬਣੀ ਯੂਨੀਅਨ ਨੂੰ ਚੁਣੌਤੀ
ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2025 :ਦੋ ਦਿਨ ਪਹਿਲਾਂ ਬਣੀ ਸਰਪੰਚ ਯੂਨੀਅਨ ਦੇ ਆਗੂਆਂ ਨੇ ਨਵੀ ਬਣੀ ਬਲਾਕ ਰਾਮਪੁਰਾ ਦੀ ਯੂਨੀਅਨ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਲਾਕ ਰਾਮਪੁਰਾ ਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਬਣਾਈ ਗਈ ਸੀ ਜਿਸ ਵਿਚ ਪਿੰਡ ਨੰਦਗੜ੍ਹ ਕੋਟੜਾ ਦੀ ਦੂਜੀ ਵਾਰ ਚੁਣੀ ਗਈ ਸਰਪੰਚ ਕਰਮਜੀਤ ਕੌਰ ਨੰਦਗੜ੍ਹ ਕੋਟੜਾ ਨੂੰ ਸਰਬਸੰਮਤੀ ਨਾਲ ਬਲਾਕ ਰਾਮਪੁਰਾ ਦਾ ਪ੍ਰਧਾਨ ਚੁਣਿਆ ਗਿਆ ਜਦ ਕਿ ਦੂਜੀ ਵਾਰ ਚੁਣੇ ਗਏ ਸਰਪੰਚ ਬਲਵੀਰ ਸਿੰਘ ਬੁੱਗਰ ਨੂੰ ਬਲਾਕ ਦਾ ਚੇਅਰਮੈਨ ਚੁਣਿਆ ਗਿਆ l ਇਸ ਦੇ ਉਲਟ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਰਪੰਚਾਂ ਨੇ ਬਲਾਕ ਰਾਮਪੁਰਾ ਵਿਖੇ ਇਕੱਠ ਕਰਕੇ ਭੋਲਾ ਸਿੰਘ ਢਿੱਲੋਂ ਕਰਾੜਵਾਲਾ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ । ਹੋਟਲ ਮੇਰੀਲੈਂਡ ਵਿਖੇ ਇੱਕ ਕਾਨਫਰੰਸ ਦੌਰਾਨ ਅਵਤਾਰ ਸਿੰਘ ਮਾਨ ਨੰਦਗੜ੍ਹ ਕੋਟੜਾ ਨੇ ਕਿਹਾ ਪ੍ਰਸ਼ਾਸਨ ਦੇ ਦਬਾਅ ਹੇਠ ਬਣੀ ਯੂਨੀਅਨ ਲੋਕਤੰਤਰ ਨਾਲ ਚੁਣੇ ਸਰਪੰਚਾਂ ਨੂੰ ਮਨਜੂਰ ਨਹੀਂ ਕਿਉਂਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਸਗੋਂ ਪਿੰਡ ਦਾ ਸਾਂਝਾ ਹੁੰਦਾ ਹੈ l
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਪਿੰਡ ਦੇ ਲੋਕਤੰਤਰ ਤਰੀਕੇ ਨਾਲ ਚੁਣੇ ਗਏ ਸਰਪੰਚਾਂ ਨੂੰ ਡਰਾ ਧਮਕਾ ਕੇ ਬਲਾਕ ਰਾਮਪੁਰਾ ਵਿਖੇ ਰੱਖੀ ਗਈ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਜਿੱਥੇ ਪਹਿਲਾਂ ਹੀ ਗਿਣੀ ਮਿੱਥੀ ਸਾਜਿਸ਼ ਤਹਿਤ ਆਮ ਆਦਮੀ ਪਾਰਟੀ ਨਾਲ ਸੰਬੰਧਤ ਪਿੰਡ ਕਰਾੜਵਾਲਾ ਦੇ ਸਰਪੰਚ ਭੋਲਾ ਸਿੰਘ ਨੂੰ ਸਰਪੰਚ ਯੂਨੀਅਨ ਬਲਾਕ ਰਾਮਪੁਰਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਿਸਦੇ ਸੰਬਧੀ ਬਲਾਕ ਰਾਮਪੁਰਾ ਦੇ ਤਕਰੀਬਨ 18 ਪਿੰਡਾਂ ਦੇ ਸਰਪੰਚਾਂ ਨੇ ਅੱਜ ਇਕੱਠੇ ਹੋ ਕੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਹ ਕਿਹਾ ਕਰਦੇ ਸਨ ਕਿ ਸਰਪੰਚ ਕਿਸੇ ਪਾਰਟੀ ਦਾ ਨਹੀਂ ਸਗੋਂ ਪਿੰਡ ਦਾ ਸਾਂਝਾ ਹੁੰਦਾ ਹੈ ਪਰ ਸਿਆਸੀ ਦਬਾਅ ਹੇਠ ਪ੍ਰਸ਼ਾਸਨ ਵੱਲੋਂ ਸਰਪੰਚਾਂ ਨੂੰ ਦਬਾਅ ਪਾ ਕੇ ਭੋਲਾ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਮਜ਼ਬੂਰ ਕੀਤਾ ਗਿਆ l ਉਨ੍ਹਾਂ ਕਿਹਾ ਕਿ ਅੱਜ ਇਕਠੇ ਹੋਏ ਸਰਪੰਚਾਂ ਨੇ ਕਿਹਾ ਕਿ ਉਹ ਬਲਾਕ ਰਾਮਪੁਰਾ ਦੇ ਸਰਪੰਚ ਯੂਨੀਅਨ ਦੀ ਚੋਣ ਵੋਟਾਂ ਰਾਹੀਂ ਕਰਨ ਨੂੰ ਤਿਆਰ ਹਨ ਪਰ ਧੱਕੇਸਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ l
ਇਸ ਮੌਕੇ ਸਰਪੰਚ ਯੂਨੀਅਨ ਦੇ ਉਪ ਪ੍ਰਧਾਨ ਜਸਵੰਤ ਦਰਦ ਪ੍ਰੀਤ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹਾ ਕੰਮ ਕਰਕੇ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨਾ ਨਹੀਂ ਚਾਹੀਦਾ ਸਗੋਂ ਸਰਪੰਚਾਂ ਨੂੰ ਖੁੱਲ ਕੇ ਕੰਮ ਕਰਨ ਦੇਣਾ ਚਾਹੀਦਾ ਹੈ lਇਸ ਮੌਕੇ ਬਲਵੀਰ ਸਿੰਘ ਸਰਪੰਚ ਬੁੱਗਰ ਚੇਅਰਮੈਨ, ਪ੍ਰਧਾਨ ਸਰਪੰਚ ਯੂਨੀਅਨ ਬਲਾਕ ਰਾਮਪੁਰਾ ਕਰਮਜੀਤ ਕੌਰ ਮਾਨ ਸਰਪੰਚ ਨੰਦਗੜ੍ਹ ਕੋਟੜਾ, ਕਰਮਜੀਤ ਕੌਰ ਸਰਪੰਚ ਗਿੱਲ ਕਲਾਂ , ਸਰਬਜੀਤ ਕੌਰ ਸਰਪੰਚ ਖੋਖਰ, ਕੁਲਵਿੰਦਰ ਕੌਰ ਸਰਪੰਚ ਹਰਕ੍ਰਿਸ਼ਨ ਪੂਰਾ, ਅਮਰਦੀਪ ਕੌਰ ਸਰਪੰਚ ਕੋਟੜਾ ਕੌੜਾ, ਗੋਬਿੰਦਰ ਕੌਰ ਸਰਪੰਚ ਪਿੱਥੋ, ਬਲਜਿੰਦਰ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਜੇਠੂਕੇ, ਅਮਰਜੀਤ ਕੌਰ ਸਰਪੰਚ ਬੱਲ੍ਹੋ, ਸੁਖਪਾਲ ਕੌਰ ਸਰਪੰਚ ਬਾਲੀਆਂ ਵਾਲੀ, ਟੇਕ ਸਿੰਘ ਸਰਪੰਚ ਬੁਰਜ਼ ਮਾਨਸ਼ਾਹੀਆ, ਸੰਦੀਪ ਸਿੰਘ ਸਰਪੰਚ ਢੱਡੇ, ਜਸਵੰਤ ਦਰਦ ਪ੍ਰੀਤ ਕੋਠੇ ਮੰਡੀ ਕਲਾਂ, ਲਖਵਿੰਦਰ ਕੌਰ ਸਰਪੰਚ ਮਾਨਸਾ ਖੁਰਦ, ਕਰਮਜੀਤ ਕੌਰ ਸਰਪੰਚ ਰਾਮਨਿਵਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨl