ਡੀ ਸੀ ਨੇ ਨਸ਼ਾ ਮੁਕਤੀ ਕੇਂਦਰ ਮੋਹਾਲੀ ਦੇ ਕੰਮਕਾਜ ਦਾ ਜਾਇਜ਼ਾ ਲਿਆ
ਹਰਜਿੰਦਰ ਸਿੰਘ ਭੱਟੀ
- ਨੌਜੁਆਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ
- ਕਿਹਾ, ਨਸ਼ਾ ਮੁਕਤੀ ਕੇਂਦਰ ਮੋਹਾਲੀ ਪੰਜਾਬ ਦੇ ਮਾਡਲ ਕੇਂਦਰ ਵਜੋਂ ਉਭਰੇਗਾ
ਐਸ ਏ ਐਸ ਨਗਰ, 15 ਮਈ 2025 - ਨਵੇਂ ਸ਼ੁਰੂ ਕੀਤੇ ਗਏ ਹੁਨਰ ਵਿਕਾਸ ਕੋਰਸਾਂ ਅਤੇ ਨਸ਼ਾ ਮੁਕਤੀ ਕੇਂਦਰ, ਮੋਹਾਲੀ ਦੇ ਸਮੁੱਚੇ ਕੰਮਕਾਜ ਦਾ ਮੁਲਾਂਕਣ ਕਰਨ ਲਈ, ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੁਸਾਇਟੀ, ਐਸ ਏ ਐਸ ਨਗਰ ਦੀ ਚੇਅਰਪਰਸਨ ਕੋਮਲ ਮਿੱਤਲ ਨੇ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਇਲਾਜ ਕਰਵਾ ਰਹੇ ਨੌਜੁਆਨਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਕੇਂਦਰ, ਮੋਹਾਲੀ ਨੇੜਲੇ ਭਵਿੱਖ ਵਿੱਚ ਪੰਜਾਬ ਲਈ ਇੱਕ ਮਾਡਲ ਕੇਂਦਰ ਬਣ ਕੇ ਉਭਰੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਨਸ਼ਾ ਪੀੜਤ ਦੇ ਦਾਖਲੇ 'ਤੇ, ਉਸ ਦਾ ਪਹਿਲਾਂ 2-3 ਹਫ਼ਤਿਆਂ ਦਾ ਨਸ਼ਾ ਮੁਕਤੀ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਉਨ੍ਹਾਂ ਨੂੰ ਇਸੇ ਕੰਪਲੈਕਸ ਦੇ ਅੰਦਰ ਮੁੜ ਵਸੇਬਾ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਰੁਚੀਆਂ ਦੇ ਆਧਾਰ 'ਤੇ ਕੰਪਿਊਟਰ, ਮੋਬਾਈਲ, ਬਿਜਲੀ ਦੇ ਕੰਮ ਅਤੇ ਖਾਣਾ ਬਣਾਉਣ ਵਿੱਚ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ।
ਆਪਣੀ ਫੇਰੀ ਦੌਰਾਨ, ਡੀ ਸੀ ਮਿੱਤਲ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਮਰੀਜ਼ਾਂ ਨੂੰ ਉਨ੍ਹਾਂ ਦੀ ਰਿਕਵਰੀ ਪ੍ਰਕਿਰਿਆ ਵਿੱਚ ਸਹਾਇਤਾ ਲਈ ਪੌਸ਼ਟਿਕ ਖੁਰਾਕ ਮਿਲੇ। ਇਸ ਤੋਂ ਇਲਾਵਾ, ਕੇਂਦਰ ਨੂੰ ਮਨੋਰੰਜਨ ਸਹੂਲਤਾਂ, ਯੋਗਾ ਰੂਮ ਅਤੇ ਘਰੇਲੂ ਬਾਗਬਾਨੀ ਗਤੀਵਿਧੀਆਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਇਲਾਜ ਲੈਣ ਵਾਲਿਆਂ ਨੂੰ ਆਪਣਾ ਆਪ ਰਚਨਾਤਮਕ ਕੰਮਾਂ ਵਿੱਚ ਲਾਉਣ ਵਿੱਚ ਮੱਦਦ ਮਿਲ ਸਕੇ।
ਡੀ ਸੀ ਕੋਮਲ ਮਿੱਤਲ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਦੇ ਸਹਿਯੋਗ ਨਾਲ, ਨਸ਼ਾ ਪੀੜਤਾਂ ਦੇ ਮੁਕੰਮਲ ਇਲਾਜ ਅਤੇ ਉਨ੍ਹਾਂ ਦੇ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਵਿੱਚ ਨਸ਼ਿਆਂ ਦੇ ਆਦੀ ਲੋਕਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਦੇ ਨਾਲ ਏ ਡੀ ਸੀ (ਡੀ) ਸੋਨਮ ਚੌਧਰੀ, ਐਸ ਪੀ (ਪੀ ਬੀ ਆਈ) ਦੀਪਿਕਾ ਸਿੰਘ, ਸਿਵਲ ਸਰਜਨ ਡਾ. ਸੰਗੀਤਾ ਜੈਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰ ਪਾਲ ਕੌਰ ਅਤੇ ਮਨੋਰੋਗ ਮਾਹਿਰ ਡਾ. ਪੂਜਾ ਗਰਗ ਵੀ ਸਨ।