ਜਿਨ੍ਹਾਂ ਨਹੀਂ ਸੁਧਰਨਾ: ‘‘ਚੰਗੀ ਕਰ ਬਹਾਲੀ ਤੇ ਪੇੜੇ ਲਏ ਚੁਰਾ’’
ਮਹਿਲਾ ਕੈਦੀ ਨੇ ਚਾਰਟਡ ਜਹਾਜ਼ ’ਚ ਪਾਇਆ ਖਿਲੇਰਾ, ਭੰਨ ਦਿੱਤੀ ਬਾਰੀ ਤੇ ਵਾਪਿਸ ਮੁੜੀ ਫਲਾਈ
-ਦੋਸ਼ੀ ਮਹਿਲਾ ਨੂੰ ਦੁਬਾਰਾ ਸੁਧਾਰ ਘਰ ਭੇਜਿਆ ਗਿਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 13 ਫਰਵਰੀ 2025:-ਆਕਲੈਂਡ ਤੋਂ ਕ੍ਰਾਈਸਟਚਰਚ ਵਿਖੇ ਮਹਿਲਾ ਕੈਦੀਆਂ ਨੂੰ ਲਿਜਾ ਰਹੇ ਇੱਕ ਚਾਰਟਡ ਜਹਾਜ਼ ਨੂੰ ਉਸ ਸਮੇਂ ਵਾਪਿਸ ਮੁੜਨਾ ਪਿਆ ਜਦੋਂ ਜਹਾਜ਼ ਵਿੱਚ ਸਵਾਰ ਇੱਕ ਮਹਿਲਾ ਕੈਦੀ ਨੇ ਅੰਦਰੂਨੀ ਖਿੜਕੀ ਨੂੰ ਨੁਕਸਾਨ ਪਹੁੰਚਾਇਆ। ਸੁਧਾਰ ਘਰ (ਜ਼ੇਲ੍ਹ ਅਧਿਕਾਰੀਆਂ) ਨੇ ਕਿਹਾ ਕਿ ‘‘ਬੀਤੇ ਬੁੱਧਵਾਰ ਨੂੰ ਇਕ ਚਾਰਟਡ ਜਹਾਜ਼ ਔਕਲੈਂਡ ਮਹਿਲਾ ਜ਼ੇਲ੍ਹ ਤੋਂ 8 ਕੈਦਣਾਂ ਨੂੰ ਲੈ ਕੇ ਕ੍ਰਾਈਸਟਚਰਚ ਜਾ ਰਿਹਾ ਸੀ। ਉਡਾਣ ਦੌਰਾਨ ਇਕ ਮਹਿਲਾ ਕੈਦੀ ਨੇ ਖਿਲਾਰਾ ਪਾ ਲਿਆ। ਉਸਨੇ ਜਹਾਜ਼ ਦੀ ਅੰਦਰਲੀ ਬਾਰੀ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਉਸਦੇ ਹੱਥ ਵਿਚ ਵੀ ਸੱਟ ਲੱਗੀ ਅਤੇ ਜਹਾਜ਼ ਦੀ ਖਿੜਕੀ ਨੂੰ ਵੀ ਨੁਕਸਾਨ ਪਹੁੰਚਿਆ। ਇਸੇ ਚੱਕਰ ਦੇ ਵਿਚ ਸੁਰੱਖਿਆ ਦਾ ਮਸਲਾ ਪੈਦਾ ਹੋ ਗਿਆ ਅਤੇ ਜਹਾਜ਼ ਨੂੰ ਵਾਪਿਸ ਔਕਲੈਂਡ ਲਿਆਂਦਾ ਗਿਆ ਅਤੇ ਕੈਦੀ ਮਹਿਲਾਵਾਂ ਨੂੰ ਵਾਪਿਸ ਜ਼ੇਲ੍ਹ ਦੇ ਵਿਚ ਭੇਜਿਆ ਗਿਆ।’’
ਸੁਧਾਰ ਘਰ ਦੀ ਜਨਰਲ ਮੈਨੇਜਰ ਨੇ ਕਿਹਾ ਕਿ ‘‘ਨੁਕਸਾਨ ਲਈ ਜ਼ਿੰਮੇਵਾਰ ਔਰਤ ’ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਜਾਵੇਗਾ, ਅਤੇ ਜੋ ਹੋਇਆ ਉਸ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਇਹ ਵਿਵਹਾਰ ਸਾਡੇ ਸਟਾਫ, ਚਾਲਕ ਦਲ ਅਤੇ ਹੋਰ ਕੈਦੀਆਂ ਲਈ ਪੂਰੀ ਤਰ੍ਹਾਂ ਅਸਵੀਕਾਰਨਯੋਗ ਅਤੇ ਅਵਿਸ਼ਵਾਸ਼ਯੋਗ ਤੌਰ ’ਤੇ ਵਿਘਨਕਾਰੀ ਹੈ। ਸਾਡੇ ਸਟਾਫ ਨੇ ਸਥਿਤੀ ਨੂੰ ਨਿਯੰਤਰਣ ਕਰਨ ਵਿੱਚ ਸ਼ਾਨਦਾਰ ਕੰਮ ਕੀਤਾ ਅਤੇ ਮੈਂ ਇਸ ਘਟਨਾ ਦੌਰਾਨ ਉਡਾਣ ਦਲ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਹੈ। ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਸੁਧਾਰ ਕੈਦੀਆਂ ਨੂੰ ਬਿਨਾਂ ਕਿਸੇ ਘਟਨਾ ਦੇ ਲਗਭਗ ਹਰ ਪੰਦਰਵਾੜੇ ਚਾਰਟਰ ਉਡਾਣ ਦੁਆਰਾ ਤਬਦੀਲ ਕਰਦੇ ਹਨ।’’
ਸੋ ਅੰਤ ਇਹੀ ਕਹਿ ਸਕਦੇ ਹਾਂ ਕਿ ਜਿਸ ਨੂੰ ਚੰਗਾ ਸਮਝ ਕੇ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਉਸਨੇ ਹੀ ਧੋਖਾ ਦਿੱਤਾ।