ਜਿਉਂਦ ਵਿਖੇ ਪੁਲਿਸ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨ ਦੀ ਹਾਲਤ ਗੰਭੀਰ- ਡੀਐਮਸੀ ਰੈਫਰ
ਅਸ਼ੋਕ ਵਰਮਾ
ਬਠਿੰਡਾ, 21 ਫਰਵਰੀ 2026: ਲੰਘੀ 18 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਬਠਿੰਡਾ ਪੁਲਿਸ ਵੱਲੋਂ ਪਿੰਡ ਦੀ ਸੱਥ ਵਿੱਚ ਬੈਠੇ ਕਿਸਾਨਾਂ 'ਤੇ ਢਾਹੇ ਕਹਿਰ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਪੁੱਤਰ ਮੁਕੰਦ ਸਿੰਘ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਕਿਸਾਨ ਦੀ ਲੱਤ ਚਕਨਾਚੂਰ ਹੋ ਗਈ ਸੁ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਰਾਮਪੁਰਾ ਦੇ ਏਪੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਅੱਜ ਜਦੋਂ ਚਰਨਜੀਤ ਸਿੰਘ ਦੀ ਹਾਲਤ ਬਹੁਤ ਗੰਭੀਰ ਹੋ ਗਈ ਤੇ ਉਹ ਬੇਹੋਸ਼ ਹੋ ਗਿਆ ਤਾਂ ਉਸਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰਕੇ ਭੇਜ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਬਠਿੰਡਾ ਡੀਸੀ ਦਫਤਰ ਅੱਗੇ 18 ਫਰਵਰੀ ਨੂੰ ਸ਼ਾਂਤਮਈ ਧਰਨਾ ਦੇਣਾ ਸੀ। ਕਿਸਾਨ ਉੱਥੇ ਜਾਣ ਲਈ ਜਿਉਂਦ ਪਿੰਡ ਦੀ ਸੱਥ ਵਿੱਚ ਇਕੱਠੇ ਹੋ ਰਹੇ ਸਨ ਤਾਂ ਇਸ ਮੌਕੇ ਐਸਐਸਪੀ ਬਠਿੰਡਾ ਦੀ ਅਗਵਾਈ ਹੇਠ ਆਈ ਭਾਰੀ ਪੁਲਿਸ ਫੋਰਸ ਵੱਲੋਂ ਬਠਿੰਡਾ ਤੋਂ 50 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਮੌਕੇ ਪੁਲਿਸ ਵੱਲੋਂ ਇੱਟਾਂ ਰੋੜੇ ਚਲਾਏ ਗਏ ਜਿਸ ਨਾਲ ਘਰਾਂ ਵਿੱਚ ਬੈਠੇ ਮਜ਼ਦੂਰ ਪਰਿਵਾਰਾਂ, ਉਹਨਾਂ ਮਕਾਨਾਂ ਤੇ ਪਸ਼ੂਆਂ ਦਾ ਨੁਕਸਾਨ ਕੀਤਾ ਗਿਆ, ਕਿਸਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਨਾਲ ਇੱਕ ਨੌਜਵਾਨ ਦਾ ਅਥਰੂ ਗੈਸ ਦੇ ਗੋਲੇ ਨਾਲ ਹੱਥ ਪਾਟ ਗਿਆ ਅਤੇ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਨੂੰ ਪੁਲਿਸ ਨੇ ਏਨਾ ਕੁੱਟਿਆ ਕਿ ਉਸਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਉਹਨਾਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦਾ ਇਲਾਜ ਮਾਹਰ ਡਾਕਟਰਾਂ ਤੋਂ ਸਰਕਾਰੀ ਖਰਚੇ ਤੇ ਕਰਾਇਆ ਜਾਵੇ ਅਤੇ ਇਸ ਘਟਨਾ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਪੁਲਿਸ ਹਮਲੇ ਨਾਲ ਹੋਏ ਸਾਰੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸਾਰੇ ਜਖਮੀਆਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
Click to Follow Babushahi Facebook page →