ਪਿੰਡ ਮੱਧੇਪੁਰ 'ਚ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਗਰਮਾਇਆ
ਵਾਤਾਵਰਣ ਪ੍ਰੇਮੀ ਵੱਲੋਂ ਮੁੱਖ ਮੰਤਰੀ ਨੂੰ ਸ਼ਿਕਾਇਤ
ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਜਗਰਾਉਂ,(ਦੀਪਕ ਜੈਨ)ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ, ਜਗਰਾਉਂ ਇਲਾਕੇ ਵਿੱਚ ਕਥਿਤ ਤੌਰ 'ਤੇ ਰਾਤ ਦੇ ਹਨੇਰੇ ਵਿੱਚ ਰੇਤੇ ਦੀ ਨਜਾਇਜ਼ ਨਿਕਾਸੀ ਦਾ ਮਾਮਲਾ ਸਾਹਮਣੇ ਆਇਆ ਹੈ। ਕਪੂਰਥਲਾ ਦੇ ਰਹਿਣ ਵਾਲੇ ਅਤੇ ਖੁਦ ਨੂੰ ਵਾਤਾਵਰਣ ਪ੍ਰੇਮੀ ਦੱਸਣ ਵਾਲੇ ਗੁਰਜੀਤ ਸਿੰਘ ਪੁੱਤਰ ਜੀਤ ਸਿੰਘ ਵੱਲੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਗਈ ਹੈ, ਜਿਸ ਵਿੱਚ ਪਿੰਡ ਮੱਧੇਪੁਰ ਦੀ ਪੰਚਾਇਤੀ ਜ਼ਮੀਨ ਵਿੱਚ ਵੱਡੇ ਪੱਧਰ 'ਤੇ ਚੱਲ ਰਹੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸ਼ਿਕਾਇਤ ਵਿੱਚ ਸਥਾਨਕ ਪੁਲਿਸ ਅਧਿਕਾਰੀਆਂ ਦੀ ਭੂਮਿਕਾ 'ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।
ਰਾਤ ਸਮੇਂ ਚੱਲਦੀਆਂ ਹਨ ਜੇ.ਸੀ.ਬੀ ਮਸ਼ੀਨਾਂ ਅਤੇ ਟਿੱਪਰ
ਮੁੱਖ ਮੰਤਰੀ ਨੂੰ ਭੇਜੇ ਗਏ ਸ਼ਿਕਾਇਤ ਪੱਤਰ ਅਨੁਸਾਰ, ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਿੰਡ ਮੱਧੇਪੁਰ ਵਿਖੇ ਰਾਤ ਦੇ ਸਮੇਂ 4 ਜੇ.ਸੀ.ਬੀ ਮਸ਼ੀਨਾਂ ਰਾਹੀਂ ਰੇਤਾ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹਰ ਰਾਤ ਕਰੀਬ 60 ਤੋਂ 70 ਟਰਾਲੀਆਂ ਅਤੇ 20 ਤੋਂ 25 ਟਿੱਪਰ ਰੇਤੇ ਨਾਲ ਭਰ ਕੇ ਕੱਢੇ ਜਾ ਰਹੇ ਹਨ। ਸ਼ਿਕਾਇਤਕਰਤਾ ਅਨੁਸਾਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰੇਤੇ ਨਾਲ ਭਰੇ ਭਾਰੀ ਵਾਹਨ ਸਿੱਧਵਾਂ ਬੇਟ ਥਾਣੇ ਦੇ ਗੇਟ ਅੱਗੋਂ ਦੀ ਹੋ ਕੇ ਜਗਰਾਉਂ ਵੱਲ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਿੱਧਵਾਂ ਬੇਟ ਚੌਂਕ ਤੋਂ ਲੈ ਕੇ ਥਾਣੇ ਤੱਕ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ 'ਤੇ ਇਸਦੀ ਸੱਚਾਈ ਸਾਹਮਣੇ ਆ ਸਕਦੀ ਹੈ।
ਪੁਲਿਸ ਕੰਟਰੋਲ ਰੂਮ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣ ਦਾ ਦੋਸ਼
ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਸ ਕਥਿਤ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ 112 ਹੈਲਪਲਾਈਨ ਅਤੇ ਜਗਰਾਉਂ ਕੰਟਰੋਲ ਰੂਮ 'ਤੇ ਦਿੱਤੀ, ਜਿਸਦਾ ਬਕਾਇਦਾ ਕੰਪਲੇਂਟ ਨੰਬਰ (2599323 / PB 20260323000059) ਵੀ ਉਨ੍ਹਾਂ ਕੋਲ ਮੌਜੂਦ ਹੈ। ਦੋਸ਼ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕਿਸੇ ਵੀ ਤਫਤੀਸ਼ੀ ਅਫਸਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਨਹੀਂ ਕੀਤੀ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਐਸ.ਐਚ.ਓ ਸਿੱਧਵਾਂ ਬੇਟ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਉਪਰੰਤ ਡੀ.ਐਸ.ਪੀ ਜਗਰਾਉਂ ਨੂੰ ਸੂਚਿਤ ਕੀਤਾ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਡੀ.ਐਸ.ਪੀ ਸਾਹਿਬ ਨਾਲ ਕਰੀਬ 10 ਮਿੰਟ ਗੱਲਬਾਤ ਹੋਣ ਦੇ ਬਾਵਜੂਦ ਨਾ ਤਾਂ ਮਾਈਨਿੰਗ ਦਾ ਕੰਮ ਬੰਦ ਕਰਵਾਇਆ ਗਿਆ ਅਤੇ ਨਾ ਹੀ ਕੋਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ, ਸਗੋਂ ਉਲਟਾ ਸ਼ਿਕਾਇਤਕਰਤਾ ਨੂੰ ਹੀ ਸਵਾਲ ਕੀਤੇ ਗਏ।
ਮਿਲੀਭੁਗਤ ਦਾ ਖਦਸ਼ਾ ਅਤੇ ਉੱਚ ਪੱਧਰੀ ਜਾਂਚ ਦੀ ਮੰਗ
ਵਾਤਾਵਰਣ ਪ੍ਰੇਮੀ ਗੁਰਜੀਤ ਸਿੰਘ ਨੇ ਆਪਣੀ ਸ਼ਿਕਾਇਤ (ਮਿਤੀ 23-03-2026) ਵਿੱਚ ਐਸ.ਐਚ.ਓ ਸਿੱਧਵਾਂ ਬੇਟ, ਡੀ.ਐਸ.ਪੀ ਜਗਰਾਉਂ ਅਤੇ ਜਗਬੀਰ ਸਿੰਘ ਜੱਗਾ ਨਾਮਕ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਸਾਰਾ ਕਾਰੋਬਾਰ ਕਥਿਤ ਤੌਰ 'ਤੇ ਸਥਾਨਕ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਕਿਸੇ ਉੱਚ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਮਸ਼ੀਨਾਂ ਅਤੇ ਵਾਹਨਾਂ ਨੂੰ ਜ਼ਬਤ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਚੂਨੇ ਨੂੰ ਰੋਕਿਆ ਜਾਵੇ।
ਜ਼ਿਕਰਯੋਗ ਹੈ ਕਿ ਇਸ ਸ਼ਿਕਾਇਤ ਦੀਆਂ ਕਾਪੀਆਂ ਮਾਈਨਿੰਗ ਮੰਤਰੀ ਪੰਜਾਬ, ਐਸ.ਐਸ.ਪੀ ਜਗਰਾਉਂ ਅਤੇ ਕਾਰਜਕਾਰੀ ਇੰਜੀਨੀਅਰ (ਜ਼ਿਲ੍ਹਾ ਮਾਈਨਿੰਗ ਅਫਸਰ) ਲੁਧਿਆਣਾ ਨੂੰ ਵੀ ਭੇਜੀਆਂ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਸ਼ਿਕਾਇਤ 'ਤੇ ਕੀ ਐਕਸ਼ਨ ਲੈਂਦਾ ਹੈ।
Click to Follow Babushahi Facebook page →