ਚੱਲਦੀ ਰੇਲ ਗੱਡੀ ਹੇਠਾਂ ਹੋਇਆ ਸੀ ਧਮਾਕਾ: ਸਪੈਸ਼ਲ DGP ਨੇ ਕੀਤਾ ਖੁਲਾਸਾ
Babushahi Network
ਪਟਿਆਲਾ/ਸ਼ੰਭੂ 28 ਅਪ੍ਰੈਲ 2026: ਸ਼ੰਭੂ-ਅੰਬਾਲਾ ਰੇਲ ਮਾਰਗ 'ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਸਪੈਸ਼ਲ DGP (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਮੌਕੇ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿੱਧੇ ਤੌਰ 'ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ 'ਫ੍ਰੇਟ ਕੋਰੀਡੋਰ' ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ, ਰੇਲ ਗੱਡੀ ਜਦੋਂ ਟਰੈਕ ਤੋਂ ਲੰਘ ਰਹੀ ਸੀ, ਉਦੋਂ ਬਲਾਸਟ ਹੋਇਆ ਸੀ, ਹਾਲਾਂਕਿ ਉਹਦੇ ਤੋਂ ਪਹਿਲਾਂ ਹੀ ਹਮਲਾਵਰ ਦੀ ਮੌਤ ਹੋ ਚੁੱਕੀ ਸੀ। ਹਮਲਾਵਰ ਦੀ ਪਛਾਣ ਜਗਰੂਪ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਤੋਂ ਸਰਹੰਦ ਵਿਖੇ ਆਇਆ ਸੀ।
DGP ਦਿਵੇਦੀ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਬਾਰੇ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਇਹ ਉਹੀ ਵਿਅਕਤੀ ਸੀ ਜੋ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਸ ਦੀ ਆਪਣੀ ਹੀ ਮੌਤ ਹੋ ਗਈ। ਪੁਲਿਸ ਨੂੰ ਜਾਂਚ ਦੌਰਾਨ ਵਿਅਕਤੀ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
DGP ਨੇ ਦੱਸਿਆ ਕਿ ਮਾਲ ਗੱਡੀ ਦੇ ਡਰਾਈਵਰ ਨੂੰ ਇੱਕ ਜ਼ੋਰਦਾਰ ਝਟਕਾ ਮਹਿਸੂਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ। ਹਾਲਾਂਕਿ ਟ੍ਰੇਨ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਪਹੁੰਚਿਆ ਹੈ। ਪੁਲਿਸ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਤੱਕ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ CCTV ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵਿਸਤ੍ਰਿਤ ਪੁਲਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
DGP ਨੇ ਮੰਨਿਆ ਕਿ ਫ੍ਰੇਟ ਕੋਰੀਡੋਰ 'ਤੇ ਸੁਰੱਖਿਆ ਕਰਮਚਾਰੀਆਂ ਅਤੇ CCTV ਕੈਮਰਿਆਂ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ, "ਇਹ ਗਲਿਆਰਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ, ਪਰ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ। ਅਸੀਂ ਉੱਚ ਪੱਧਰੀ ਬੈਠਕ ਬੁਲਾ ਕੇ ਇਹ ਯਕੀਨੀ ਬਣਾਵਾਂਗੇ ਕਿ ਕੋਰੀਡੋਰ 'ਤੇ ਹਰ ਥੋੜ੍ਹੀ ਦੂਰੀ 'ਤੇ ਕੈਮਰੇ ਲਗਾਏ ਜਾਣ।"
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਕਿਉਂਕਿ ਇਹ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਇਸ ਲਈ ਪੂਰੀ ਸੰਭਾਵਨਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੀ ਇਸ ਜਾਂਚ ਵਿੱਚ ਸ਼ਾਮਲ ਹੋਵੇਗੀ। ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਇਸ ਪਿੱਛੇ ਕੋਈ ਸੰਗਠਿਤ ਖੁਫੀਆ ਤੰਤਰ ਕੰਮ ਕਰ ਰਿਹਾ ਹੈ। (GP)
Click to Follow Babushahi Facebook page →