ਚੰਡੀਗੜ੍ਹ: ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਪੰਜਵਾਂ ਸੈਮੀਨਾਰ 28 ਜੂਨ ਨੂੰ
ਗੁਰੂ ਰਵਿਦਾਸ ਸਬੰਧੀ ਖੋਜ ਅਧਾਰਿਤ ਵਿਦਵਾਨ ਪੜ੍ਹਨਗੇ ਪੇਪਰ : ਫਤਿਹਜੰਗ ਸਿੰਘ
ਚੰਡੀਗੜ੍ਹ 26 ਜੂਨ
ਬਾਣੀ ਵਿਚਾਰ ਚੇਤਨਾ ਮੰਚ ਰਜਿ. ਪੰਜਾਬ ਵੱਲੋਂ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਚੱਲ ਰਹੀ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਵਿਚ ਸੈਕਟਰ 30 ਏ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚ 28 ਜੂਨ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਸਬੰਧੀ ਇਸ ਸੈਮੀਨਾਰ ਦੇ ਕੋਆਰਡੀਨੇਟਰ ਤੇ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਸੀ. ਮੀਤ ਪ੍ਰਧਾਨ ਫਤਿਹਜੰਗ ਸਿੰਘ ਨੇ ਕਿਹਾ ਹੈ ਕਿ ਇਸ ਸੈਮੀਨਾਰ ਵਿਚ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵਿਚ ਹੋਈਆਂ ਖੋਜਾਂ ਦੇ ਅਧਾਰਿਤ ਪ੍ਰਬੁੱਧ ਵਿਦਵਾਨ ਪੇਪਰ ਪੜ੍ਹ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਫਤਿਹਜੰਗ ਸਿੰਘ ਤੇ ਸੈਮੀਨਾਰ ਦੇ ਪ੍ਰਬੰਧਕ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਓ ਪੀ ਚੋਪੜਾ ਨੇ ਕਿਹਾ ਕਿ ਇਹ ਪੰਜਵਾਂ ਸੈਮੀਨਾਰ ਟਰਾਈ ਸਿਟੀ ਦੇ ਜਿਗਿਆਸੂਆਂ ਲਈ ਬਾਣੀ ਵਿਚਾਰ ਚੇਤਨਾ ਮੰਚ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ, ਸੀ. ਮੀਤ ਪ੍ਰਧਾਨ ਡਾ. ਗੁਰਮੀਤ ਕੱਲਰਮਾਜਰੀ ਦੀ ਰਹਿਨੁਮਾਈ ਵਿਚ ਕਰਵਾਇਆ ਜਾ ਰਿਹਾ ਹੈ।
ਫਤਿਹਜੰਗ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਸਾਬਕਾ ਆਈਪੀਐਸ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਬਤੌਰ ਮੁੱਖ ਮਹਿਮਾਨ ਪੁੱਜਣਗੇ। ਜਦ ਕਿ ਕੁੰਜੀਵਤ ਭਾਸ਼ਣ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਦੇਣਗੇ। ਸੈਮੀਨਾਰ ਵਿਚ ਗੁਰੂ ਰਵਿਦਾਸ ਤੇ ਸ਼੍ਰੋਮਣੀ ਸੰਤ ਕਬੀਰ ਦੇ ਸਮਕਾਲ ਵਿਚ ਇਨ੍ਹਾਂ ਦੇ ਸਰੋਕਾਰਾਂ ਤੇ ਪੇਪਰ ਕਰਨਲ ਪ੍ਰਿਥਵੀ ਰਾਜ ਕੁਮਾਰ ਪੜ੍ਹਨਗੇ। ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਡਾ. ਰੌਣਕੀ ਰਾਮ ਤੋਂ ਇਲਾਵਾ ਬਾਣੀ ਵਿਚਾਰ ਚੇਤਨਾ ਮੰਚ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ, ਸੀ. ਮੀਤ ਪ੍ਰਧਾਨ ਡਾ. ਗੁਰਮੀਤ ਕੱਲਰਮਾਜਰੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਉਣਗੇ। ਫਤਿਹਜੰਗ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ, ਜਲੰਧਰ, ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਵਿਚ ਸੈਮੀਨਾਰ ਕਰਵਾਏ ਜਾ ਚੁੱਕੇ ਹਨ।
- Download Babushahi App
-
-