ਚੰਗੀ ਸਿੱਖਿਆ ਪ੍ਰਦਾਨ ਕਰਨ ਨਾਲ਼ ਹੀ ਹੋ ਸਕਦੀ ਹੈ ਦਲਿਤ ਸਮਾਜ ਦੀ ਭਲਾਈ: ਭਗਵੰਤ ਮਾਨ
-ਡਾ. ਬੀ. ਆਰ. ਅੰਬੇਡਕਰ ਜਯੰਤੀ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਰਾਜ-ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ
ਵਿਦਿਆਰਥੀ ਸਮੇਂ ਦੀਆਂ ਯਾਦਾਂ ਤਾਜ਼ਾ ਕਰਨ ਸ਼ਹੀਦ ਭਗਤ ਸਿੰਘ ਹੋਸਟਲ ਵਿੱਚ ਆਪਣਾ ਕਮਰਾ ਵੇਖਣ ਵੀ ਪੁੱਜੇ ਮੁੱਖ ਮੰਤਰੀ
ਪਟਿਆਲਾ, 14 ਅਪ੍ਰੈਲ 2025- ਪੰਜਾਬ ਸਰਕਾਰ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜਯੰਤੀ ਸਬੰਧੀ ਰਾਜ-ਪੱਧਰੀ ਸਮਾਗਮ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਲਈ ਸਿਰਫ਼ ਵਕਤੀ ਲਾਭਾਂ ਵਾਲ਼ੀਆਂ ਯੋਜਨਾਵਾਂ ਹੀ ਕਾਫ਼ੀ ਨਹੀਂ ਹੁੰਦੀਆਂ ਬਲਕਿ ਗੁਣਵੱਤਾ ਭਰਪੂਰ ਚੰਗੀ ਸਿੱਖਿਆ ਦੀ ਮਦਦ ਨਾਲ਼ ਹੀ ਇਸ ਸਮਾਜ ਦਾ ਅਸਲ ਭਲਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਯਤਨਸ਼ੀਲ ਹੈ ਕਿ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਨੂੰ ਇਸ ਕਦਰ ਬਿਹਤਰ ਬਣਾਇਆ ਜਾ ਸਕੇ ਕਿ ਜਨਤਕ ਖੇਤਰ ਵਿੱਚ ਇਹ ਦੋਹੇਂ ਸਹੂਲਤਾਂ ਪ੍ਰਾਪਤ ਕਰਨਾ ਕਿਸੇ ਦੀ ਸਿਰਫ਼ ਮਜ਼ਬੂਰੀ ਨਾ ਹੋਵੇ ਬਲਕਿ ਉਨ੍ਹਾਂ ਦੀ ਤਰਜੀਹ ਜਾਂ ਮਰਜ਼ੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਮਜ਼ਬੂਰੀ ਤੋਂ ਮਰਜ਼ੀ ਤੱਕ ਦੇ ਪੜਾਅ ਵਾਲ਼ੀ ਸਥਿਤੀ ਸਿਰਜਣ ਵਿੱਚ ਦ੍ਰਿੜ ਹੈ। ਉਨ੍ਹਾਂ ਬੀ. ਆਰ. ਅੰਬੇਡਕਰ ਜੀ ਦੇ ਸੰਘਰਸ਼ ਅਤੇ ਦਲਿਤ ਸਮਾਜ ਲਈ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਮਹਾਨ ਸ਼ਖ਼ਸੀਅਤ ਸਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਨਾਲ਼ ਆਪਣੀਆਂ ਭਾਵੁਕ ਸਾਂਝਾਂ ਦਾ ਜ਼ਿਕਰ ਕਰਦਿਆਂ ਯੂਨੀਵਰਸਿਟੀ ਬਾਰੇ ਵੀ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿੱਚ ਵਾਧਾ ਕਰ ਕੇ ਯੂਨੀਵਰਸਿਟੀ ਨੂੰ ਪੈਰਾਂ ਸਿਰ ਕੀਤਾ ਹੈ ਤਾਂ ਕਿ ਸਿੱਖਿਆ ਨੂੰ ਕਰਜ਼ੇ ਦੇ ਬੋਝ ਤੋਂ ਬਚਾਇਆ ਜਾ ਸਕੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਇਸ ਗੱਲੋਂ ਵੀ ਵਿਸ਼ੇਸ਼ ਸ਼ਲਾਘਾ ਕੀਤੀ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਕਿਸੇ ਵੀ ਹੋਰ ਅਦਾਰੇ ਨਾਲ਼ੋਂ ਜ਼ਿਆਦਾ ਹੈ।
ਉਨ੍ਹਾਂ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਜਰਮਨੀ ਦੀ ਤਰਜ਼ ਉੱਤੇ 'ਮੇਕਰ ਸਪੇਸ' ਨਾਮਕ ਇੱਕ ਵਿਸ਼ੇਸ਼ ਅਤੇ ਵੱਡੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾਵੇਗੀ ਜਿੱਥੇ ਆਸ ਪਾਸ ਦੇ ਇਲਾਕਿਆਂ ਤੋਂ ਸਭ ਵਿਦਿਅਕ ਅਤੇ ਖੋਜ ਅਦਾਰਿਆਂ ਦੇ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਕਾਰਜ ਕਰ ਸਕਣ ਦੇ ਸਮਰੱਥ ਹੋਣਗੇ।
ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਵੱਲੋਂ ਵਿਦਿਆਰਥੀ ਸਮੇਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਦਾ ਵਿਸ਼ੇਸ਼ ਤੌਰ ਉੱਤੇ ਦੌਰਾ ਕੀਤਾ ਅਤੇ ਆਪਣਾ ਉਹ ਕਮਰਾ ਵੇਖਿਆ ਜਿਸ ਵਿੱਚ ਉਹ ਠਹਿਰਿਆ ਕਰਦੇ ਸਨ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਸਦੀਆਂ ਤੋਂ ਗੁਲਾਮੀ ਹੰਢਾਉਂਦੇ ਅਤੇ ਜ਼ਿੱਲਤ ਵਾਲ਼ੀ ਜ਼ਿੰਦਗੀ ਜਿਉਂਦੇ ਰਹੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿੱਚ ਜੇ ਕਿਸੇ ਨੇ ਬਦਲਾਅ ਲਿਆਂਦਾ ਹੈ ਤਾਂ ਉਹ ਭੀਮ ਰਾਓ ਅੰਬੇਡਕਰ ਜੀ ਨੇ ਹੀ ਲਿਆਂਦਾ ਹੈ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਦਲਿਤਾਂ ਦੀ ਭਲਾਈ ਲਈ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰ ਨੇ 5000 ਦੇ ਕਰੀਬ ਦਲਿਤ ਲੋਕਾਂ ਦਾ ਕਰਜ਼ਾ ਮਾਫ਼ ਕਰ ਕੇ ਉਨ੍ਹਾਂ ਨੂੰ ਰਾਹਤ ਦਿੱੱਤੀ ਹੈ। ਉਨ੍ਹਾਂ ਦੱਸਿਆ ਕਿ ਦਲਿਤ ਅਤੇ ਪੱਛੜੀਆਂ ਸ਼ਰੇਣੀਆਂ ਦੇ ਲੋਕਾਂ ਦੀ ਭਲਾਈ ਲਈ ਜੋ ਵੀ ਸਰਕਾਰੀ ਯੋਜਨਾਵਾਂ ਚਲਦੀਆਂ ਹਨ, ਸੂਬਾ ਸਰਕਾਰ ਨੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਰੀਬ ਲੜਕੀਆਂ ਦੇ ਵਿਆਹ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ 51 ਹਜ਼ਾਰ ਰੁਪਏ ਸ਼ਗਨ ਰਾਸ਼ੀ ਦੀ ਅਦਾਇਗੀ ਹੁਣ ਸਮੇਂ ਸਿਰ ਹੋਣੀ ਯਕੀਨੀ ਬਣਾਈ ਜਾਂਦੀ ਹੈ। ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਵਜ਼ੀਫ਼ਾ ਸਕੀਮਾਂ ਦੀ ਅਦਾਇਗੀ ਵੀ ਸਮੇਂ ਸਿਰ ਅਤੇ ਲਾਜ਼ਮੀ ਹੋਣ ਬਾਰੇ ਯਕੀਨੀ ਬਣਾਇਆ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਉੱਤੇ ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ ਸਬੰਧੀ ਵੱਡੇ ਪੱਧਰ ਦੇ ਪ੍ਰੋਗਰਾਮ ਉਲੀਕਣਾ ਅਤੇ ਉਨ੍ਹਾਂ ਵਿੱਚ ਕੈਬਨਿਟ ਮੰਤਰੀ ਸਾਹਿਬਾਨ ਦਾ ਸ਼ਾਮਿਲ ਹੋਣਾ ਇੱਕ ਸ਼ਲਾਘਾਯੋਗ ਕਦਮ ਹੈ।
ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰਾਲੇ ਤੋਂ ਪ੍ਰਿੰਸੀਪਲ ਸਕੱਤਰ ਸ੍ਰੀ. ਵੀ. ਕੇ. ਮੀਨਾ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਥਾਨਕ ਹਲਕਿਆਂ ਤੋਂ ਵਿਧਾਇਕ ਸ੍ਰ. ਅਜੀਤਪਾਲ ਸਿੰਘ ਕੋਹਲੀ, ਸ੍ਰ. ਗੁਰਲਾਲ ਘਨੌਰ, ਸ੍ਰ. ਚੇਤਨ ਸਿੰਘ ਜੌੜੇਮਾਜਰਾ, ਪੰਜਾਬੀ ਯੂਨੀਵਰਸਿਟੀ ਤੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਡਿਪਟੀ ਕਮਿਸ਼ਨਰ ਪਟਿਆਲਾ ਜੋਤੀ ਯਾਦਵ ਆਦਿ ਵੀ ਮੌਜੂਦ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਪ੍ਰਾਪਤ ਕਰਨ ਵਾਲ਼ੀਆਂ ਤਿੰਨ ਵਿਦਿਆਰਥੀ ਲੜਕੀਆਂ ਪ੍ਰਭਜੀਤ ਕੌਰ, ਮੁਸਕਾਨ ਦੇਵੀ ਅਤੇ ਗੁਰਲੀਨ ਕੌਰ ਨੇ ਆਪਣਾ ਅਨੁਭਵ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਇਸ ਵਜ਼ੀਫ਼ੇ ਨੇ ਉਨ੍ਹਾਂ ਦੇ ਉਚੇਰੀ ਸਿੱਖਿਆ ਸਬੰਧੀ ਸੁਪਨੇ ਨੂੰ ਪੂਰਾ ਕੀਤਾ ਹੈ।