ਚੌਕੀਦਾਰ ਨੂੰ ਬੰਦੀ ਬਣਾ ਕੇ ਚੋਰ ਸੁਨਿਆਰੇ ਦੀ ਦੁਕਾਨ ਤੇ ਕਰ ਗਏ ਵੱਡਾ ਕਾਰਾ
ਲੱਖਾ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਹਜ਼ਾਰਾਂ ਦੀ ਨਕਦੀ ਲੈ ਕੇ ਹੋਏ ਫਰਾਰ ,ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ ਨਾਲ
ਰੋਹਿਤ ਗੁਪਤਾ
ਗੁਰਦਾਸਪੁਰ 21 ਦਸੰਬਰ ਗੁਰਦਾਸਪੁਰ -ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪੁਰਾਣਾ ਸ਼ਾਲਾ ਚੌਂਕ ਵਿਚ ਇਕ ਸੁਨਿਆਰੇ ਦੀ ਦੁਕਾਨ ’ਤੇ ਤਾਇਨਾਤ ਚੌਂਕੀਦਾਰ ਦੀਆਂ ਬਾਹਾਂ ਬੰਨ ਕੇ ਇਕ ਗਟਰਨੁਮਾ ਟੋਏ ਵਿਚ ਸੁੱਟਣ ਤੋਂ ਬਾਅਦ ਚੋਰ ਦੁਕਾਨ ਦੇ ਤਾਲੇ ਤੋੜ ਕੇ ਸਾਢੇ ਤਿੰਨ ਕਿੱਲੋਂ ਚਾਂਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ, ਬੱਚਿਆਂ ਦੀਆਂ 10 ਮੁੰਦਰੀਆਂ ਤੋਂ ਇਲਾਵਾ 23ਹਜਾਰ ਰੁਪਏ ਨਗਦੀ ਚੋਰੀ ਕਰਕੇ ਫਰਾਰ ਹੋ ਗਏ।
ਇਸ ਸਬੰਧੀ ਚਾਹਤ ਜਿਊਲਰਜ਼ ਦੇ ਮਾਲਕ ਵਿਨੋਦ ਕੁਮਾਰ ਉਰਫ ਲਾਡੀ ਪੁੱਤਰ ਸੁਰਿੰਦਰ ਨਾਥ ਵਾਸੀ ਸੈਦੋਵਾਲ ਕਲਾਂ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਚੱਲ ਗਏ ਸੀ ਅਤੇ ਰਾਤ 12 ਵਜੇ ਦੇ ਕਰੀਬ ਉਸ ਦੇ ਮੋਬਾਇਲ ’ਤੇ ਸਕਿਊਰਿਟੀ ਸੈਂਸਰ ਦਾ ਅਲਾਰਮ ਵੱਜਾ ਤਾਂ ਉਨਾਂ ਆਪਣੇ ਮੋਬਾਇਲ ਤੇ ਸੀਸੀਟੀਵੀ ਫੁਟੇਜ ਚੈਕ ਕੀਤਾ ਤਾਂ ਦੁਕਾਨ ਦੇ ਸ਼ਟਰ ਤੋੜਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ’ਤੇ ਉਨਾਂ ਤੁਰੰਤ ਦੁਕਾਨ ਦੇ ਚੌਂਕੀਦਾਰ ਨੂੰ ਫੋਨ ਕੀਤਾ , ਪਰ ਬਾਅਦ ਵਿਚ ਉਨ੍ਹਾਂ ਦਾ ਫੋਨ ਵੀ ਬੰਦ ਹੋ ਗਿਆ। ਜਦ ਉਹ ਖੁਦ ਆਪਣੀ ਦੁਕਾਨ ਤੇ ਪਹੁੰਚੇ ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਅਤੇ ਸ਼ੀਸੇ ਵੀ ਟੁੱਟੇ ਹੋਏ ਸਨ। ਜਦ ਉਨਾਂ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਵਿਚ ਸਾਢੇ ਤਿੰਨ ਕਿੱਲੋਂ ਚਾਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ ਅਤੇ ਬੱਚਿਆਂ ਦੀਆਂ 10 ਮੁੰਦਰੀਆਂ ਤੋਂ ਇਲਾਵਾ 23ਹਜ਼ਾਰ ਰੁਪਏ ਨਗਦੀ ਗਾਇਬ ਸੀ। ਪਰ ਕੁਝ ਕੀਮਤੀ ਸਾਮਾਨ ਬਚ ਗਿਆ। ਉਨ੍ਹਾਂ ਕਿਹਾ ਕਿ ਚੋਰ ਆਪਣੇ ਨਾਲ ਡੀ.ਵੀ.ਆਰ ਵੀ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਚੌਂਕੀਦਾਰ ਨੂੰ ਬੰਦੀ ਬਣਾ ਕੇ ਸੁੱਟਿਆ ਸੀ, ਉੱਥੇ ਸੋਨੇ ਵਾਲੇ ਖਾਲੀ ਡੱਬੇ ਵੀ ਮਿਲੇ ਹਨ।
ਇਸ ਸਬੰਧੀ ਦੁਕਾਨਦਾਰ ਰਵੀ ਕੁਮਾਰ, ਰਾਜਪਾਲ, ਮੁਲਖ ਰਾਜ ਨਡਾਲਾ, ਦਿਨੇਸ ਕੁਮਾਰ, ਰਿੰਕੂ , ਰਾਜ ਕੁਮਾਰ, ਪ੍ਰਸ਼ੋਤਮ ਲਾਲ ਅਤੇ ਕਸ਼ਮੀਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾ ਵੀ ਪੁਰਾਣਾ ਸ਼ਾਲਾ ਅੱਡੇ ਵਿਚ ਚੋਰੀਆਂ ਹੋਈਆਂ ਹਨ, ਜਿੰਨਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਹੈ।
ਇਸ ਸਬੰਧੀ ਥਾਣਾ ਮੁਖੀ ਸੁਰਿੰਦਰ ਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।