ਗੁਰਦਾਸਪੁਰ 'ਚ ਭਿਆਨਕ ਸੜਕ ਹਾਦਸਾ: ਬੇਕਾਬੂ ਬੱਸ ਡਿਵਾਈਡਰ ਟੱਪ ਕੇ ਕਾਰ 'ਤੇ ਪਲਟੀ; 25 ਲੋਕ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਪ੍ਰੈਲ 2026 - ਅੱਜ ਗੁਰਦਾਸਪੁਰ ਦੇ ਬੱਬਰੀ ਬਾਈਪਾਸ 'ਤੇ ਉਸ ਸਮੇਂ ਚੀਕ-ਚਿਹਾਰਾ ਮੱਚ ਗਿਆ ਜਦੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਇੱਕ ਬੱਸ ਅਚਾਨਕ ਬੇਕਾਬੂ ਹੋ ਗਈ। ਇਹ ਬੱਸ ਡਿਵਾਈਡਰ ਟੱਪ ਕੇ ਦੂਜੀ ਸਾਈਡ 'ਤੇ ਖੜ੍ਹੀ ਇੱਕ ਕਾਰ ਦੇ ਉੱਪਰ ਜਾ ਪਲਟੀ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਸਿੱਧੀ ਕਾਰ ਦੇ ਉੱਪਰ ਜਾ ਡਿੱਗੀ, ਪਰ ਖੁਸ਼ਕਿਸਮਤੀ ਨਾਲ ਕਾਰ ਚਾਲਕ ਨੇ ਤੁਰੰਤ ਬਾਰੀ ਖੋਲ੍ਹੀ ਅਤੇ ਬਾਹਰ ਨਿਕਲ ਗਿਆ, ਜਿਸ ਕਾਰਨ ਉਸ ਦੀ ਜਾਨ ਬਾਲ-ਬਾਲ ਬਚ ਗਈ।
ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਕਰੀਬ 25 ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਡੀ.ਐਸ.ਪੀ. ਗੁਰਦਾਸਪੁਰ ਤਜਿੰਦਰ ਸਿੰਘ ਅਨੁਸਾਰ ਬੱਸ ਵਿੱਚ 25 ਤੋਂ 30 ਲੋਕ ਸਵਾਰ ਸਨ ਜੋ ਜ਼ਖ਼ਮੀ ਹੋਏ ਹਨ।
ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਕੋਲ 17 ਜ਼ਖ਼ਮੀ ਪਹੁੰਚੇ ਹਨ, ਜਿਨ੍ਹਾਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਦੇ ਬੇਕਾਬੂ ਹੋਣ ਦਾ ਅਸਲ ਕਾਰਨ ਕੀ ਸੀ?
Click to Follow Babushahi Facebook page →