ਗੁਰਦਾਸਪੁਰ: ਬਿਜਲੀ ਦੇ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ; ਫ਼ਾਇਰ ਬ੍ਰਿਗੇਡ ਦੀ ਮੁਸਤੈਦੀ ਨੇ ਟਾਲਿਆ ਵੱਡਾ ਹਾਦਸਾ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਾਰਚ 2026 - ਸ਼ਹਿਰ ਦੇ ਵਿਅਸਤ ਇਲਾਕੇ ਤਿੱਬੜੀ ਰੋਡ 'ਤੇ ਬੀਤੀ ਦੇਰ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉੱਥੇ ਸਥਿਤ ਬਿਜਲੀ ਦੇ ਇੱਕ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਆਲੇ-ਦੁਆਲੇ ਦੀਆਂ ਬਿਜਲੀ ਅਤੇ ਕੇਬਲ ਦੀਆਂ ਤਾਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਘਟਨਾ ਵਾਲੀ ਥਾਂ ਦੇ ਬਿਲਕੁਲ ਨੇੜੇ ਇੱਕ ਨਾਮੀ ਬੈਂਕ ਅਤੇ ਵੱਡੀ ਮਾਰਕੀਟ ਸਥਿਤ ਹੈ। ਚਸ਼ਮਦੀਦਾਂ ਅਨੁਸਾਰ ਜੇਕਰ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ, ਤਾਂ ਇਹ ਵਪਾਰਕ ਅਦਾਰਿਆਂ ਤੱਕ ਫੈਲ ਸਕਦੀ ਸੀ, ਜਿਸ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਸੀ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫ਼ਾਇਰ ਕਰਮਚਾਰੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪਾਵਰਕੌਮ (PSPCL) ਨੂੰ ਕਾਫੀ ਮਾਲੀ ਨੁਕਸਾਨ ਪਹੁੰਚਿਆ ਹੈ।
ਟਰਾਂਸਫਾਰਮਰ ਦੇ ਨਾਲ ਲੱਗਦੀਆਂ ਬਿਜਲੀ ਦੀਆਂ ਮੁੱਖ ਤਾਰਾਂ, ਵਾਈ-ਫਾਈ (Wi-Fi) ਫਾਈਬਰ ਅਤੇ ਕੇਬਲ ਦੀਆਂ ਤਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਨਿਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਾਵਰਕੌਮ ਨੂੰ ਟਰਾਂਸਫਾਰਮਰਾਂ ਅਤੇ ਢਿੱਲੀਆਂ ਤਾਰਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
Click to Follow Babushahi Facebook page →