ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ
ਕੀਰਤਪੁਰ ਸਾਹਿਬ:- 09 ਸਤੰਬਰ, 2025
ਰਵੀ ਜੱਖੂ
ਸਿਵਲ ਸਰਜਨ ਰੂਪਨਗਰ ਡਾਕਟਰ ਬਲਵਿੰਦਰ ਕੌਰ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ (PMSMA) ਤਹਿਤ ਗਰਭਵਤੀ ਔਰਤਾਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੀਮੇਲ ਮੈਡੀਕਲ ਅਫ਼ਸਰ ਡਾਕਟਰ ਅਨੂੰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਜਨਮ ਸਮੇਂ ਬੱਚੇ ਅਤੇ ਮਾਂ ਦੀ ਮੌਤ ਦਰ ਨੂੰ ਘਟਾਉਣ ਲਈ ਹਰ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਗਰਭਵਤੀ ਔਰਤਾਂ ਦੀ ਮੁਫ਼ਤ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਾਇਆ ਜਾਂਦਾ ਹੈ। ਇਸ ਦੌਰਾਨ ਗਰਭ ਅਵਸਥਾ ਦੌਰਾਨ ਸਾਰੇ ਲੋੜੀਂਦੇ ਟੈੱਸਟ ਵੀ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਕੈਂਪ ਵਿਚ ਸਿਹਤ ਜਾਂਚ ਕਰਵਾਉਣ ਆਈਆਂ ਗਰਭਵਤੀ ਔਰਤਾਂ ਨੂੰ ਪੌਸ਼ਕ ਤੱਤਾਂ ਨਾਲ ਭਰਪੂਰ ਭੋਜਨ, ਹਰੀਆਂ ਸਬਜ਼ੀਆਂ, ਦੁੱਧ, ਪ੍ਰੋਟੀਨ ਵਾਲੀਆਂ ਵਸਤਾਂ ਖਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਵੰਡੀਆਂ ਜਾਂਦੀਆਂ ਹਨ।
ਐੱਸ.ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਡਿਲੀਵਰੀ ਉਪਰੰਤ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਉਹਨਾਂ ਸਿਹਤ ਜਾਂਚ ਕਰਵਾਉਣ ਆਈਆਂ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਜਣੇਪੇ ਲਈ ਸੰਸਥਾਗਤ ਡਿਲੀਵਰੀ ਕਰਵਾਉਣ ਦੀ ਸਲਾਹ ਵੀ ਦਿੱਤੀ। ਸ਼੍ਰੀ ਸਿਕੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਡਿਲੀਵਰੀ ਬਿਲਕੁੱਲ ਮੁਫ਼ਤ ਕੀਤੀ ਜਾਂਦੀ ਹੈ।
ਇਸ ਮੌਕੇ ਸਟਾਫ਼ ਨਰਸ ਹਰਜੀਤ ਕੌਰ, ਏ.ਐੱਨ.ਐੱਮ ਕੁਲਵਿੰਦਰ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।