ਖੇਤ ਮਜ਼ਦੂਰਾਂ ਵੱਲੋਂ ਮੰਗਾਂ ਖਾਤਰ ਕੈਬਨਿਟ ਮੰਤਰੀ ਦੇ ਹਲਕੇ ਮਲੋਟ 'ਚ ਧਰਨਾ ਦੇਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 15 ਮਈ 2025 :ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਪੈਨਸ਼ਨਾਂ ਦੀ ਰਾਸ਼ੀ ਵਧਾ ਕੇ 2500 ਰੁਪਏ ਮਹੀਨਾ ਕਰਨ ਤੇ ਲੋਕ ਪੱਖੀ ਖੇਤੀ ਨੀਤੀ ਲਾਗੂ ਕਰਨ ਵਰਗੇ ਚੋਣ ਵਾਅਦਿਆਂ ਤੋਂ ਮੁੱਕਰੀ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 30 ਮਈ ਨੂੰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਜਾਵੇਗਾ।ਇਹ ਫੈਸਲਾ ਅੱਜ ਪਿੰਡ ਸਿੰਘੇਵਾਲਾ ਵਿਖੇ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੋਸ਼ ਲਾਇਆ ਕਿ ਪਿੰਡਾਂ ਦੀਆਂ ਸੱਥਾਂ ਚੋਂ ਚੱਲਣ ਵਰਗੇ ਲੁਭਾਉਣੇ ਨਾਹਰਿਆਂ ਨਾਲ ਸਤਾ ਚ ਆਈ ਭਗਵੰਤ ਮਾਨ ਸਰਕਾਰ ਚੋਣ ਵਾਅਦਿਆਂ ਨੂੰ ਭੁੱਲ ਕੇ ਮਜ਼ਦੂਰ ਤੇ ਲੋਕ ਦੋਖੀ ਨੀਤੀਆਂ ਲਾਗੂ ਕਰ ਰਹੀ ਹੈ।
ਉਹਨਾਂ ਆਖਿਆ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਮੈਨੀਫੈਸਟੋ ਦੀ ਥਾਂ ਚੋਣ ਗਰੰਟੀਆਂ ਦਿੱਤੀਆਂ ਗਈਆਂ ਸਨ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਲਈ 8500 ਕਰੋੜ ਰੁਪਏ ਦੀ ਲੋੜੀਂਦੀ ਰਾਸ਼ੀ ਤੋਂ ਢਾਈ ਗੁਣਾ ਰਾਸ਼ੀ ਯਾਨੀ 20 ਹਜ਼ਾਰ ਕਰੋੜ ਰੁਪਏ ਸਿਰਫ਼ ਰੇਤ ਮਾਫੀਏ ਨੂੰ ਨੱਥ ਪਾਕੇ ਬਜ਼ਟ ਜੁਟਾਉਣ ਵਰਗੇ ਪਾਖੰਡੀ ਵਾਅਦੇ ਕੀਤੇ ਗਏ ਸਨ। ਉਹਨਾਂ ਆਖਿਆ ਕਿ ਖੇਤੀ ਸੈਕਟਰ ਚ ਕਾਰਪੋਰੇਟ ਪੱਖੀ ਖੇਤੀ ਨੀਤੀ ਤਹਿਤ ਲਿਆਂਦੀ ਤਕਨੀਕ ਤੇ ਮਸਨੀਰੀ ਨੇ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਤੋਂ ਇਲਾਵਾ ਪਸ਼ੂ ਪਾਲਣ ਦਾ ਧੰਦਾ ਵੀ ਉਜਾੜ ਦਿੱਤਾ ਅਤੇ ਲੱਕੜ ਬਾਲਣ ਦਾ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਜ਼ੋ ਮੋੜਵੇਂ ਰੂਪ ਚ ਮਜ਼ਦੂਰਾਂ ਕਿਸਾਨਾਂ ਸਿਰ ਕਰਜ਼ੇ ਚੜਾਉਣ ਤੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ ।
ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਇਸ ਸੰਕਟ ਨੂੰ ਹੱਲ ਕਰਨ ਲਈ ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ ਦੇ ਚੋਣ ਵਾਅਦੇ ਤੋਂ ਵੀ ਮੁੱਕਰ ਗਈ ਹੈ ਅਤੇ ਮਜ਼ਦੂਰਾਂ ਕਿਸਾਨਾਂ ਨੂੰ ਹੋਰ ਉਜਾੜੇ ਮੂੰਹ ਧੱਕਣ ਵਾਲੀਆਂ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਝੋਨਾ ਲਵਾਈ ਦਾ ਜ਼ੋ ਮਾੜਾ ਮੋਟਾ ਕੰਮ ਖੇਤ ਮਜ਼ਦੂਰਾਂ ਨੂੰ ਮਿਲਦਾ ਸੀ ਹੁਣ ਮਾਨ ਸਰਕਾਰ ਪੰਜ ਲੱਖ ਏਕੜ ਚ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਰਾਹੀਂ ਇਸ ਨਿਗੂਣੇ ਰੁਜ਼ਗਾਰ ਨੂੰ ਖੋਰਨ ਰਾਹੀਂ ਮਜ਼ਦੂਰਾਂ ਨਾਲ਼ ਧਰੋਹ ਕਮਾ ਰਹੀ ਹੈ।ਯੂਨੀਅਨ ਦੇ ਜ਼ਿਲ੍ਹਾ ਆਗੂ ਕਾਲਾ ਸਿੰਘ ਤੇ ਰਾਜਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਤੇ ਤਰਸੇਮ ਸਿੰਘ ਖੁੰਡੇ ਹਲਾਲ ਤੋਂ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਗੱਗੜ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਤੇ ਕਿਰਸਾਨਾ ਦੇਵੀ ਆਖਿਆ ਕਿ 30 ਮਈ ਦੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਪਿੰਡ ਪਿੰਡ ਮੀਟਿੰਗਾਂ, ਰੈਲੀਆਂ ਰਾਹੀਂ ਜਾਗਰੂਕਤਾ ਤੇ ਲਾਮਬੰਦੀ ਮੁਹਿੰਮ ਚਲਾਈ ਜਾਵੇਗੀ।