ਕੈਬਨਿਟ ਮੰਤਰੀ ਹੜ੍ਹਾਂ ਦੌਰਾਨ ਬਣੇ ਜਾਨ-ਮਾਲ ਦੇ ਰਾਖੇ: ਸਤਲੁਜ ਦੇ ਕੰਢੇ ਪੱਕੇ ਕਰਨ ਲਈ ਮੋਹਰੀ ਹੋ ਕੇ ਸਾਂਭੀ ਕਮਾਂਡ
-ਸਸਰਾਲੀ ਕਾਲੋਨੀ ਵਿੱਚ ਅਸਥਾਈ ਰਿੰਗ ਬੰਨ੍ਹ ਦਾ ਨਿਰਮਾਣ ਜੰਗੀ ਪੱਧਰ ‘ਤੇ : ਹਰਦੀਪ ਮੁੰਡੀਆਂ
-ਵੱਡੀ ਰਾਹਤ : ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1679.05 ਫੁੱਟ ਤੋਂ ਘਟ ਕੇ 1678.66 ਫੁੱਟ ਹੋਇਆ : ਹਰਜੋਤ ਬੈਂਸ
-ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਨੇ ਡੇਰਾ ਬਾਬਾ ਨਾਨਕ ਵਿੱਚ ਰਾਹਤ ਸਮੱਗਰੀ ਲੈ ਕੇ ਜਾਂਦੀਆਂ ਟਰਾਲੀਆਂ ਨੂੰ ਦਿੱਤੀ ਹਰੀ ਝੰਡੀ
-ਗਸ਼ਤ ਟੀਮਾਂ ਕਰ ਰਹੀਆਂ ਹਨ ਘੱਗਰ ਨਦੀ ਦੀ ਨਿਰੰਤਰ ਨਿਗਰਾਨੀ : ਕੈਬਨਿਟ ਮੰਤਰੀ ਬਰਿੰਦਰ ਗੋਇਲ
ਸਸਰਾਲੀ ਦੇ ਧੁੱਸੀ ਬੰਨ੍ਹ ਵਿਚ ਹੁਣ ਤੱਕ ਕੋਈ ਪਾੜ ਨਹੀਂ : ਡੀ.ਸੀ. ਲੁਧਿਆਣਾ
ਚੰਡੀਗੜ, 5 ਸਤੰਬਰ 2025- ਹੜ੍ਹਾਂ ਦੀ ਮੌਜੂਦਾ ਸਥਿਤੀ ਨਾਲ ਨਿਰਣਾਇਕ ਅਤੇ ਸਰਗਰਮੀ ਨਾਲ ਨਜਿੱਠਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਹਰਜੋਤ ਸਿੰਘ ਬੈਂਸ ਆਪੋ-ਆਪਣੇ ਜ਼ਿਲਿਆਂ ਵਿੱਚ ਖੁਦ ਮੂਹਰੇ ਹੋ ਕੇ ਧੁੱਸੀ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਅਗਵਾਈ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਹੜਾਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।
ਲੁਧਿਆਣਾ ਜ਼ਿਲੇ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਸਰਾਲੀ ਵਿੱਚ ਇੱਕ ਅਹਿਮ ਅਤੇ ਪ੍ਰਮੁੱਖ ਤਰਜੀਹ ਵਾਲੇ ਪ੍ਰੋਜੈਕਟ ਦਾ ਸਿੱਧਾ ਚਾਰਜ ਸੰਭਾਲ ਰਹੇ ਹਨ। ਉਹ ਮੌਜੂਦਾ ਧੁੱਸੀ ਬੰਨ੍ਹ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਬਣਾਏ ਜਾ ਰਹੇ ਇੱਕ ਨਵੇਂ ਅਸਥਾਈ ਰਿੰਗ ਬੰਨ੍ਹ ਦੇ ਨਿਰਮਾਣ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਇਹ ਵੱਡੀ ਪਹਿਲਕਦਮੀ, ਖੇਤਰ ਵਿੱਚ ਹੜ੍ਹ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਅਗਾਊਂ ਤਿਆਰੀ ਵਜੋਂ ਕੀਤੀ ਗਈ ਹੈ।
ਕੈਬਨਿਟ ਮੰਤਰੀ ਮੁੰਡੀਆਂ ਦੀ ਦੇਖ-ਰੇਖ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਅਧਿਕਾਰੀਆਂ ਦੀ ਇੱਕ ਟੀਮ, ਜੋ ਪਿਛਲੇ ਦੋ ਦਿਨਾਂ ਤੋਂ ਮੌਕੇ ‘ਤੇ ਤਾਇਨਾਤ ਹੈ, ਵੱਲੋਂ ਕੀਤੀ ਜਾ ਰਹੀ ਹੈ । ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੌਜੂਦਾ ਧੁੱਸੀ ਬੰਨ੍ਹ ਪੂਰੀ ਤਰਾਂ ਮਜ਼ਬੂਤ ਤੇ ਸੁਰੱਖਿਅਤ ਹੈ ਅਤੇ ਪਾੜ ਪੈਣ ਦੀ ਕੋਈ ਖ਼ਬਰ ਨਹੀਂ ਹੈ।
ਇਸੇ ਤਰਾਂ, ਰੋਪੜ ਜ਼ਿਲੇ ਦੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਿੱਜੀ ਤੌਰ ‘ਤੇ ਸਤਲੁਜ ਦਰਿਆ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਨਿਗਰਾਨੀ ਕਰ ਰਹੇ ਹਨ। ਮੰਤਰੀ ਬੈਂਸ ਖੁਦ ਮੌਕੇ ‘ਤੇ ਜਾ ਕੇ ਕਮਜ਼ੋਰ ਥਾਵਾਂ ਨੂੰ ਜੰਬੋ ਬੈਗਾਂ ਨਾਲ ਮਜਬੂਤ ਕਰਨ ਅਤੇ ਸਾਰੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਲੇ ਨੂੰ ਨਿਰਦੇਸ਼ ਦੇ ਰਹੇ ਹਨ।
ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1679.05 ਫੁੱਟ ਤੋਂ ਘਟ ਕੇ 1678.66 ਫੁੱਟ ਹੋ ਗਿਆ ਹੈ, ਜਿਸ ਨਾਲ ਕਾਫੀ ਰਾਹਤ ਮਿਲੀ ਹੈ। ਉਨਾਂ ਅੱਗੇ ਕਿਹਾ ਕਿ ਮੌਸਮ ਦੀਆਂ ਭਵਿੱਖਬਾਣੀਆਂ ਘੱਟ ਬਾਰਿਸ਼ ਦਾ ਸੰਕੇਤ ਦਿੰਦੀਆਂ ਹਨ, ਜਿਸ ਨਾਲ ਹਾਲਾਤ ਹੋਰ ਕਾਬੂ ਵਿੱਚ ਆਉਣ ਦੀ ਉਮੀਦ ਹੈ।
ਗੁਰਦਾਸਪੁਰ ਵਿੱਚ, ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਾਲ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸ਼ਾਹਪੁਰ ਜਾਜਨ ਪੱਟੀ ਰਾਮਪੁਰ ਪਿੰਡ ਵਿੱਚ ਹੜ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾਣ ਵਾਲੀਆਂ ਟਰਾਲੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਬਾਅਦ, ਉਨਾਂ ਨੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਖੇਤਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਦੌਰਾ ਵੀ ਕੀਤਾ।
ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਤੋਂ ਲੋੜੀਂਦੀ ਸਹਾਇਤਾ ਭੇਜੀ ਹੈ, ਜਿਸ ਵਿੱਚ ਹੜ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਅਤੇ ਪਸ਼ੂਆਂ ਦੀ ਖੁਰਾਕ ਦੇ ਤਿੰਨ ਟਰੱਕ ਸ਼ਾਮਲ ਹਨ। ਸ. ਸੌਂਦ ਨੇ ਕਿਹਾ,“ਇਸ ਮੁਸ਼ਕਿਲ ਸਮੇਂ ਵਿੱਚ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਤੋਂ ਵੱਡਾ ਫਰਜ ਹੈ।’’
ਇਸ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਹਲਕੇ ਦੇ ਮਕਰੌੜ ਸਾਹਿਬ ਸਮੇਤ ਘੱਗਰ ਦਰਿਆ ਦੇ ਨਾਲ ਲਗਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਦਰਿਆ ਦੀ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ 24 ਘੰਟੇ ਗਸ਼ਤ ਕਰਨ ਵਾਲੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਘੱਗਰ ਦਰਿਆ ਦੇ ਨਾਲ ਲੱਗਦੇ ਕਸਬਿਆਂ ਅਤੇ ਪਿੰਡਾਂ ਲਈ ਵੱਖ-ਵੱਖ ਥਾਵਾਂ ‘ਤੇ ਪੰਜ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।
ਸਰਕਾਰੀ ਮਸ਼ੀਨਰੀ, ਮੰਤਰੀਆਂ ਦੇ ਇਨਾਂ ਯਤਨਾਂ ਨੂੰ ਹੋਰ ਮਜਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਅਦਾ ਕਰ ਰਹੀ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸ.ਐਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਿੱਚ ਰੂਪਨਗਰ ਵਿੱਚ ਸਰਗਰਮ ਨਿਰੀਖਣ ਜਾਰੀ ਹਨ।