ਕਪੂਰਥਲਾ ਵਿੱਚ ਵਾਤਾਵਰਨ ਸੁਰੱਖਿਆ ਵੱਲ ਵੱਡਾ ਕਦਮ, 25 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ
ਕਾਲੀ ਵੇਈ ਨਦੀ ਦੇ ਕੰਢੇ ਨਿਰਮਲ ਕੁਟੀਆਲਾ ਵਿਖੇ ਸਮਾਗਮ, 200 ਤੋਂ ਵੱਧ ਪਿੰਡਾਂ ਤੱਕ ਪਹੁੰਚ ਚੁੱਕੀ ਮੁਹਿੰਮ
ਬਲਵਿੰਦਰ ਸਿੰਘ ਧਾਲੀਵਾਲ
23 ਮਾਰਚ 2026
ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਵਿੱਚ ਵਾਤਾਵਰਣ ਸੁਰੱਖਿਆ ਅਤੇ ਪਾਣੀ ਸੰਭਾਲ ਵੱਲ ਇੱਕ ਅਹਿਮ ਉਪਰਾਲਾ ਕਰਦਿਆਂ ਅੱਜ ਪਵਿੱਤਰ ਕਾਲੀ ਵੇਈ ਦੇ ਕੰਢੇ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ ਗਏ। ਇਸ ਉਪਰਾਲੇ ਨਾਲ ਪਾਣੀ ਦੀ ਕਮੀ ਨਾਲ ਜੂਝ ਰਹੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਕਈ ਪਿੰਡਾਂ ਦੇ ਨੁਮਾਇੰਦੇ ਵੀ ਮੌਜੂਦ ਰਹੇ।
ਇਸ ਦੌਰਾਨ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 200 ਤੋਂ ਵੱਧ ਪਿੰਡਾਂ ਵਿੱਚ ਪਾਣੀ ਵਾਲੇ ਟੈਂਕਰ ਵੰਡੇ ਜਾ ਚੁੱਕੇ ਹਨ, ਜੋ ਪਾਣੀ ਦੀ ਸਮੱਸਿਆ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਸਾਬਤ ਹੋ ਰਿਹਾ ਹੈ।
ਆਪਣੇ ਸੰਬੋਧਨ ਵਿੱਚ ਸੰਤ ਸੀਚੇਵਾਲ ਨੇ ਪੰਜਾਬ ਵਿੱਚ ਵਧ ਰਹੇ ਪ੍ਰਦੂਸ਼ਣ ਅਤੇ ਖਰਾਬ ਹੋ ਰਹੇ ਵਾਤਾਵਰਨ 'ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬਚਤ, ਸਫ਼ਾਈ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਵਰਗੇ ਉਪਰਾਲਿਆਂ ਨੂੰ ਅਪਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਸੁਨਿਸ਼ਚਿਤ ਕੀਤਾ ਜਾ ਸਕੇ।
ਇਹ ਉਪਰਾਲਾ ਨਾ ਸਿਰਫ਼ ਪਾਣੀ ਦੀ ਕਮੀ ਨੂੰ ਦੂਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਸਗੋਂ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਣਾਦਾਇਕ ਸਾਬਤ ਹੋ ਰਿਹਾ ਹੈ।
Click to Follow Babushahi Facebook page →