ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ‘ਚ ਅੱਧੀ ਰਾਤ ਚੱਲੀਆਂ ਗੋਲੀਆਂ, ਘਰ ਨੂੰ ਬਣਾਇਆ ਨਿਸ਼ਾਨਾ
ਕਰੀਬ 1 ਵਜੇ ਦੋ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਘਟਨਾ ਸੀਸੀਟੀਵੀ ‘ਚ ਕੈਦ — ਪੁਲਿਸ ਜਾਂਚ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 22 ਫਰਵਰੀ 2026
ਕਪੂਰਥਲਾ ਜ਼ਿਲ੍ਹੇ ਦੇ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਨੰਗਲ ਲੁਬਾਣਾ ਵਿੱਚ ਅੱਧੀ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਨੂੰ ਟਾਰਗੇਟ ਕਰਦੇ ਹੋਏ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਰਾਤ ਕਰੀਬ 1:30 ਵਜੇ ਦੋ ਵਿਅਕਤੀ ਮੌਕੇ ‘ਤੇ ਪਹੁੰਚੇ ਅਤੇ ਘਰ ਵੱਲ ਕਈ ਰਾਊਂਡ ਗੋਲੀਆਂ ਚਲਾ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਇਹ ਫਾਇਰਿੰਗ ਦਵਿੰਦਰ ਸਿੰਘ ਉਰਫ ਪ੍ਰਿੰਸ (ਉਮਰ ਕਰੀਬ 30 ਸਾਲ), ਪੁੱਤਰ ਸੁਖਦੇਵ ਸਿੰਘ, ਵਾਰਡ ਨੰਬਰ 9 ਨੰਗਲ ਲੁਬਾਣਾ ਦੇ ਰਹਿਣ ਵਾਲੇ ਦੇ ਘਰ ਦੇ ਬਾਹਰ ਹੋਈ।
ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਿੰਡ ਆਇਆ ਸੀ। ਅਣਪਛਾਤੇ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਬਾਹਰ ਪਿਸਤੌਲ ਫਾਇਰ ਕਰਕੇ ਫਰਾਰ ਹੋ ਗਏ। ਦੋਵੇਂ ਵਿਅਕਤੀਆਂ ਦੇ ਮੂੰਹ ਬੰਨੇ ਹੋਏ ਸਨ।
ਘਟਨਾ ਦੌਰਾਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਘਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Click to Follow Babushahi Facebook page →