ਕਣਕ ਦੀ ਲਿਫਟਿੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ 100 ਫ਼ੀਸਦੀ ਚੁਕਾਈ ਨਾਲ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਰਿਹਾ
ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਵਿੱਚ ਕੁੱਲ 1,34,761 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਰਜ ਕੀਤੀ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਮਈ 2025 - ਕਣਕ ਦੀ ਖਰੀਦ ਦੇ ਹਾਲੀਆ ਸੀਜ਼ਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ 100 ਫ਼ੀਸਦੀ ਚੁਕਾਈ ਨਾਲ ਪਹਿਲੇ ਸਥਾਨ ਤੇ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 15 ਮਈ ਨੂੰ ਖਰੀਦ ਕਾਰਜ ਮੁਕੰਮਲ ਹੋਣ ਬਾਅਦ ਕੁੱਲ 1,34,761 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਰਜ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਖਰੀਦ ਦੇ ਨਾਲ ਹੀ ਪੰਜਾਬ ਸਰਕਾਰ ਦੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ 100 ਫੀਸਦੀ ਲਿਫਟਿੰਗ ਵੀ ਮੁਕੰਮਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹਾ ਜੋ ਕਿ ਵਿਭਾਗ ਵੱਲੋਂ ਪੂਰਬੀ ਤੇ ਪੱਛਮੀ ਦਫਤਰਾਂ ਵਿੱਚ ਵੰਡਿਆ ਹੋਇਆ ਹੈ, ਦਾ ਪੂਰਬੀ ਲੁਧਿਆਣਾ ਵਾਲਾ ਹਿੱਸਾ ਵੀ ਪੰਜਾਬ ਵਿਚ ਕਣਕ ਦੀ ਲਿਫਟਿੰਗ ਵਿੱਚ ਪਹਿਲੇ ਸਥਾਨ ਤੇ ਆਇਆ ਹੈ। ਇਨ੍ਹਾਂ ਤੋਂ ਬਾਅਦ ਲੁਧਿਆਣਾ ਪੱਛਮੀ , ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਲਿਫਟਿੰਗ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਚ ਨੰਬਰ ਆਉਂਦਾ ਹੈ। ਇਨ੍ਹਾਂ ਨੇ ਕ੍ਰਮਵਾਰ 99.75, 98.09 ਅਤੇ 96.45 ਫ਼ੀਸਦੀ ਚੁਕਾਈ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵੱਲੋਂ ਖਰੀਦ ਕੀਤੀ ਸਾਰੀ ਕਣਕ ਦੀ ਅਦਾਇਗੀ (261.78 ਕਰੋੜ) ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਦਾਇਗੀ ਸਰਕਾਰ ਵੱਲੋਂ ਨਿਰਧਾਰਿਤ 48 ਘੰਟੇ ਦੀ ਸਮਾਂ ਸੀਮਾ ਤੋਂ ਵੀ ਪਹਿਲਾਂ ਕਰਨੀ ਯਕੀਨੀ ਬਣਾਈ ਗਈ।
ਉਨ੍ਹਾਂ ਨੇ ਖਰੀਦ ਕਾਰਜਾਂ ਵਿੱਚ ਜੁਟੀਆਂ ਖਰੀਦ ਏਜੰਸੀਆਂ ਵੱਲੋਂ ਜ਼ਿਲ੍ਹੇ ਨੂੰ ਲਿਫਟਿੰਗ ਪ੍ਰਬੰਧਾਂ ਵਿੱਚ ਪੰਜਾਬ ਭਰ ਚੋਂ ਨੰਬਰ ਇੱਕ ਤੇ ਲਿਆਉਣ ਲਈ ਉਨ੍ਹਾਂ ਵੱਲੋਂ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਏਜੰਸੀ ਵਾਰ ਅੰਕੜਿਆਂ ਵਿੱਚ ਪਨਗਰੇਨ ਵੱਲੋਂ 31 ਹਜ਼ਾਰ 204 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 24 ਹਜ਼ਾਰ 986 ਮੀਟ੍ਰਿਕ ਟਨ, ਪਨਸਪ ਵੱਲੋਂ 25 ਹਜ਼ਾਰ 233 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 16 ਹਜ਼ਾਰ 084 ਮੀਟ੍ਰਿਕ ਟਨ ਅਤੇ ਐਫ.ਸੀ.ਆਈ. ਵੱਲੋਂ 10 ਹਜ਼ਾਰ 444 ਮੀਟ੍ਰਿਕ ਟਨ ਅਤੇ ਵਪਾਰੀ ਵਰਗ ਵੱਲੋਂ 26 ਹਜ਼ਾਰ 810 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।