ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਮਾਂ ਚਰਨ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਭਾਵਪੂਰਤ ਪੋਸਟ
ਅਸ਼ੋਕ ਵਰਮਾ
ਮਾਨਸਾ, 29 ਮਈ2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਬਰਸੀ ਮੌਕੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਿੱਧੂ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ। ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾਂ ਨੇ ਮੇਰੀ ਕੁੱਖ ਚੋਂ ਖੋਹ ਲਿਆ, ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀ ਸੀ।
ਪਰ ਬੇਟਾ ਗੁਰੂ ਮਾਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ। ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ, ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਆ ਜੋ ਮੈਂ ਇਹਨਾਂ ਦੋ ਸਾਲਾਂ ਤੋ ਕਰਦੀ ਆ ਰਹੀ ਆ ਪੁੱਤ ਅੱਜ ਦਾ ਦਿਨ ਬੜਾ ਔਖਾ ਪੁੱਤ। ਦੱਸਣਯੋਗ ਹੈ ਕਿ ਅੱਜ ਦੇ ਦਿਨ 29 ਮਈ 2022 ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿਖੇ ਤਾਬੜਤੋੜ ਗੋਲੀਆਂ ਚਲਾਕੇ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ ਸੀ ।
ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ, ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਇਸ ਕਤਲ ਦੀ ਜਿੰਮੇਵਾਰੀ ਕੁੱਝ ਨਾਮੀਂ ਗੈਂਗਸਟਰਾਂ ਨੇ ਲਈ ਸੀ।ਦੂਜੇ ਪਾਸੇ ਅੱਜ ਸਿੱਧੂ ਮੂਸੇਵਾਲਾ ਦੇ ਪ੍ਰੀਵਾਰ ਅੱਜ ਉਨ੍ਹਾਂ ਦੀ ਦੂਜੀ ਬਰਸੀ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਮਨਾੲਂ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਂਗਰਸ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਪਿੰਡ ਨਿਵਾਸੀ ਮੌਜੂਦ ਸਨ।
ਉਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਕੋਲ ਇੱਕ ਸੋਚ ਸੀ। ਕਾਂਗਰਸ ਜੁਆਇਨ ਕੀਤੀ ਤਾਂ ਉਸ ਨੂੰ ਬਹੁਤੇ ਲੋਕਾਂ ਨੇ ਹੋਰ ਪਾਰਟੀ ’ਚ ਜਾਣ ਲਈ ਵੀ ਕਿਹਾ ਸੀ ਪਰ ਉਸ ਨੇ ਕਿਹਾ ਸੀ ਕਿ ਵਿਸ਼ਵਾਸ਼ ਰੱਖੋ ਕਿ ਜੇ ਚਿੱਕੜ ਸਾਫ਼ ਕਰਨਾ ਤਾਂ ਚਿੱਕੜ ਵਿੱਚ ਵੜਨਾ ਪੈਣਾ ਹੈ। ਪਾਰਟੀ ‘ਚ ਚੰਗੇ ਨੌਜਵਾਨ ਲਿਆਉ ਤਾਂ ਸੁਧਾਰ ਹੋਵੇਗਾ। ਕੇਂਦਰ ਤੇ ਪੰਜਾਬ ਸਰਕਾਰ ਨੂੰ ਚੰਗਾ ਨਹੀਂ ਲੱਗਿਆ। ਨਫ਼ਰਤ ਕਿੱਥੋਂ ਤੱਕ ਵੱਧ ਗਈ ਹੈ। ਸਿੱਧੂ ਨੂੰ ਮਾਰ ਦਿੱਤਾ, ਪਰ ਇਸ ਨਵੇਂ ਮਾਸੂਮ ਨਾਲ ਕੀ ਸ਼ਰੀਕਾ ਸੀ। ਅੱਜ ਤੱਕ ਦੋ ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ।
ਇਹ ਨਫ਼ਰਤ ਦੀ ਹੱਦ ਹੈ। ਇਸ ਤੋਂ ਪਤਾ ਲੱਗਦਾ ਕਿ ਸਿੱਧੂ ਨੂੰ ਮਾਰ ਕੇ ਹਊਆ ਖ਼ਤਮ ਕੀਤਾ ਸੀ, ਜਦ ਦੋ ਕਰੋੜ ਲੋਕਾਂ ਨੇ ਛੋਟੇ ਸਿੱਧੂ ਦੇ ਆਉਣ ’ਤੇ ਖੁਸ਼ੀਆਂ ਮਨਾਈਆਂ ਤਾਂ ਜ਼ਰਿਆ ਨਹੀਂ ਗਿਆ ਅਤੇ ਚਿੱਠੀਆਂ ਵੀ ਕੱਢਤੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਦੋਸ਼ੀਆਂ ‘ਤੇ ਅਜੇ ਚਾਰਜ ਫ਼ਰੇਮ ਹੋਏ ਹਲ ਅਤੇ ਲੜਾਈ ਲਗਾਤਾਰ ਇਨਸਾਫ਼ ਤੱਕ ਜਾਰੀ ਰੱਖਾਂਗੇ। ਭੋਗ ਸਮਾਗਮ ਤੋਂ ਬਾਅਦ ਮੰਚ ਤੋਂ ਜੀਤ ਮਹਿੰਦਰ ਸਿੰਘ,ਯਾਦਵ, ਪੀਰ ਮੁਹੰਮਦ ਅਤੇ ਬਲਕੌਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ। ਬਲਕੌਰ ਸਿੰਘ ਸਿੱਧੂ ਨੇ ਮੂਸੇ ਵਾਲੇ ਦੇ ਇਨਸਾਫ ਲਈ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।