Babushahi Special ਘਪਲੇ ਦਾ ਧੂੰਆਂ: ਬਠਿੰਡਾ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ਦੇ ਪੋਤੜੇ ਫਰੋਲਣ ਲੱਗੀ ਵਿਜੀਲੈਂਸ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2026: ਵਿਜੀਲੈਂਸ ਨੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਵੱਲੋਂ ਗਰੁੱਪ-ਬੀ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ’ਚ ਘਪਲੇ ਦਾ ਧੂੰਆਂ ਉੱਠਣ ਸਬੰਧੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰੀਖਿਆ ਬਠਿੰਡਾ ਦੇ ਇੱਕ ਪ੍ਰਾਈਵੇਟ ਸਕੂਲ ’ਚ ਕਰਵਾਈ ਗਈ ਸੀ ਜਿੱਥੇ ਭਰਤੀ ਸਬੰਧੀ ਪੇਪਰ ਲੀਕ ਹੋਣ ਦੀ ਆਸ਼ੰਕਾ ਹੈ। ਪੜਤਾਲ ਮੁਢਲੇ ਦੌਰ ’ਚ ਹੋਣ ਕਾਰਨ ਅਫਸਰ ਬੋਲਣ ਨੂੰ ਤਿਆਰ ਨਹੀਂ ਪਰ ਅੰਦਰੂਨੀ ਸੂਤਰਾਂ ਨੇ ਮਾਮਲਾ ਕਾਫੀ ਗੰਭੀਰ ਦੱਸਿਆ ਹੈ। ਅਧੀਨ ਸੇਵਾਵਾਂ ਬੋਰਡ ਦਾ ਗਰੁੱਪ ਬੀ ਦੀ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਰਾਰ ਹੈ । ਬੋਰਡ ਨੇ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਪ੍ਰੀਖਿਆ ਕਰਾਉਣ ਦੀ ਜ਼ਿੰਮੇਵਾਰੀ ਇਸੇ ’ਵਰਸਿਟੀ ਨੂੰ ਸੌਂਪੀ ਹੋਈ ਹੈ। ਯੂਨੀਵਰਸਿਟੀ ਨੇ ਪੰਜ ਪ੍ਰਕਾਰ ਦੀਆਂ ਅਸਾਮੀਆਂ ਲਈ 21 ਦਸੰਬਰ 2025 ਨੂੰ ਪ੍ਰੀਖਿਆ ਲਈ ਸੀ ਜਿਸ ਦੇ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਬਠਿੰਡਾ ਭੇਜੇ ਸਨ।
ਪ੍ਰਸ਼ਨ ਪੱਤਰਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀ ਕਸਟੱਡੀ ’ਚ ਰੱਖਿਆ ਗਿਆ ਸੀ। ਪ੍ਰੀਖਿਆਰਥੀਆਂ ਵੱਲੋਂ ਭੇਜੀਆਂ ਸ਼ਿਕਾਇਤਾਂ ’ਚ ਪੇਪਰ ਲੀਕ ਮਾਮਲੇ ਦੇ ਕਰਤਾ ਧਰਤਾ ਵਜੋਂ ਇੱਕ ਪ੍ਰਿੰਸੀਪਲ ਤੇ ਉੱਗਲ ਚੁੱਕੀ ਗਈ ਹੈ । ਪ੍ਰਿੰਸੀਪਲ ਨਾਲ ਸਿੱਖਿਆ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਪੇਪਰ ਸੁਪਰਡੈਂਟ ਦੀ ਮਿਲੀਭੁਗਤ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਜਿਸ ਤੋਂ ਬਾਅਦ ਕਈ ਅਧਿਕਾਰੀ ਡਰੇ ਹੋਏ ਹਨ। ਵਿਧਾਨ ਸਭਾ ਚੋਣਾਂ ਦਾ ਸਾਲ ਹੋਣ ਕਾਰਨ ਲੋਕਾਂ ’ਚ ਕਿਸੇ ਵੀ ਕਿਸਮ ਦਾ ਗਲ੍ਹਤ ਸੰਦੇਸ਼ ਨਾਂ ਜਾਣ ਨੂੰ ਦੇਖਦਿਆਂ ਅਜਿਹੇ ਮਾਮਲਿਆਂ ਖਿਲਾਫ ਪੰਜਾਬ ਸਰਕਾਰ ਦਾ ਰੁਖ ਸਖਤ ਹੋਣ ਕਾਰਨ ਭਰਤੀ ਪ੍ਰਕਿਰਿਆ ’ਚ ਸ਼ਾਮਲ ਲੋਕਾਂ ਨੂੰ ਸੰਭਾਵੀ ਸਖਤ ਕਾਰਵਾਈ ਦਾ ਫਿਕਰ ਵੱਢ ਵੱਢ ਖਾ ਰਿਹਾ ਹੈ। ਭਰਤੀ ਅਮਲ ਨੂੰ ਪਾਰਦਰਸ਼ੀ ਰੱਖਣ ਦੇ ਮਕਸਦ ਨਾਲ ਮੁੱਢਲੀ ਛਾਣਬੀਣ ਮਗਰੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਿਲੈਕਸਨ ਬੋਰਡ ਨੇ ਕੁੱਝ ਦਿਨ ਪਹਿਲਾਂ ਭਰਤੀ ਪ੍ਰੀਖਿਆ ਦੀ ਜਾਂਚ ਦਾ ਜਿੰਮਾ ਵਿਜੀਲੈਂਸ ਨੂੰ ਸੌਂਪ ਦਿੱਤਾ ਸੀ।
ਇਸ ਪ੍ਰੀਖਿਆ ’ਚ ਇੱਕ ਲੱਖ ਤੋਂ ਜ਼ਿਆਦਾ ਪ੍ਰੀਖਿਆਰਥੀ ਬੈਠੇ ਸਨ ਅਤੇ ਪ੍ਰੀਖਿਆ ਦਾ ਨਤੀਜਾ 9 ਜਨਵਰੀ ਨੂੰ ਐਲਾਨਿਆ ਗਿਆ ਸੀ ਜਿਸ ਮਗਰੋਂ ਮੈਰਿਟ ਸੂਚੀ ’ਚ ਆਏ ਪ੍ਰੀਖਿਆਰਥੀਆਂ ’ਤੇ ਸ਼ੱਕ ਦੀ ਉਂਗਲ ਉੱਠਣ ਲੱਗੀ ਸੀ। ਸੂਤਰ ਦੱਸਦੇ ਹਨ ਕਿ ਬੋਰਡ ਕੋਲ ਉੱਪਰੋ-ਥੱਲੀ ਸ਼ਕਾਇਤਾਂ ਪਹੁੰਚੀਆਂ ਸਨ ਜਿਸ ਤੋਂ ਬਾਅਦ ਅੰਦਰੂਨੀ ਪੜਤਾਲ ਕੀਤੀ ਗਈ ਸੀ। ਜਦੋਂ ਅਧੀਨ ਸੇਵਾਵਾਂ ਬੋਰਡ ਨੂੰ ਮਾਮਲਾ ਸ਼ੱਕੀ ਜਾਪਿਆ ਤਾਂ ਫੌਰੀ ਤੌਰ ਤੇ ਜਾਂਚ ਦੀ ਜਿੰਮੇਵਾਰੀ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਬੇਸ਼ੱਕ ਬੋਰਡ ਨੇ ਇਸ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ ਪ੍ਰੰਤੂ ਅਗਲੀ ਕਾਰਵਾਈ ਤੇ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਵੀਰਵਾਰ ਨੂੰ ਤਾਂ ਇਹ ਚੁੰਝ ਚਰਚਾ ਜੋਰਾਂ ’ਤੇ ਸੀ ਕਿ ਪੰਜ ਜਣਿਆਂ ਨੂੰ ਨਿਯਕਤੀ ਪੱਤਰ ਦੇ ਦਿੱਤੇ ਗਏ ਹਨ ਜਿੰਨ੍ਹਾਂ ਦਾ ਕੋਈ ਨਾਂ ਕੋਈ ਸਬੰਧ ਪਿੰਡ ਘੁੱਦਾ ਨਾਲ ਜੁੜਦਾ ਹੈ ਪਰ ਇਸ ਦੀ ਕਿਧਰੋਂ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ।
ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਧੀਨ ਸੇਵਾਵਾਂ ਬੋਰਡ ਨੇ 100 ਪ੍ਰੀਖਿਆਰਥੀਆਂ ਦੀ ਸੂਚੀ ਜਾਰੀ ਕੀਤੀ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਵਿੱਚੋਂ 22 ਪ੍ਰੀਖਿਆਰਥੀ ਇਕੱਲੇ ਬਠਿੰਡਾ ਜਿਲ੍ਹੇ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ’ਚ ਦੋ ਨੂੰ ਸਕੇ ਭੈਣ ਭਰਾ ਜਦੋਂਕਿ ਦੋ ਨੂੰ ਚਚੇਰੇ ਭਾਈ ਭੈਣ ਦੱਸਿਆ ਜਾ ਰਿਹਾ ਹੈ। ਇੰਨ੍ਹਾਂ ਸੌ ਪ੍ਰੀਖਿਆਰਥੀਆਂ ’ਚੋਂ 22 ਨੇ ਪੀਸੀਐੱਸ ਦੀ ਪ੍ਰੀ-ਪ੍ਰੀਖਿਆ ਪਾਸ ਕੀਤੀ ਹੋਈ ਹੈ ਪਰ ਉਹ ਬਠਿੰਡਾ ਦੇ ਤਿੰਨ-ਚਾਰ ਪਰਿਵਾਰਾਂ ਦੇ ਪ੍ਰੀਖਿਆਰਥੀਆਂ ਦੀ ਮੈਰਿਟ ਤੋਂ ਹੇਠਾਂ ਹਨ। ਦੂਜੇ ਪਾਸੇ ਜੋ ਸਿਖਰਲੇ ਪੰਜ ਪ੍ਰੀਖਿਆਰਥੀ ਹਨ, ਉਹ ਇਸ ਤੋਂ ਪਹਿਲਾਂ ਪਟਵਾਰੀ ਅਤੇ ਲੇਬਰ ਇੰਸਪੈਕਟਰ ਦੇ ਪੇਪਰ ਪਾਸ ਨਹੀਂ ਕਰ ਸਕੇ ਸਨ। ਪਹਿਲੇ ਸਥਾਨ ’ਤੇ ਆਏ ਪ੍ਰੀਖਿਆਰਥੀ ਨੇ ਪਿਛੋਕੜ ’ਚ ਲੇਬਰ ਇੰਸਪੈਕਟਰ ਦੀ ਪ੍ਰੀਖਿਆ ’ਚੋਂ 76.5 ਫ਼ੀਸਦੀ ਅਤੇ ਪਟਵਾਰੀ ਦੀ ਪ੍ਰੀਖਿਆ ’ਚ 66.41 ਫ਼ੀਸਦੀ ਅੰਕ ਪ੍ਰਾਪਤ ਕੀਤੇ ਜਦੋਂਕਿ ਹੁਣ ਇਹ ਅੰਕੜਾ ਕਰੀਬ 98 ਫ਼ੀਸਦੀ ਰਿਹਾ ਹੈ।
ਵਿਜੀਲੈਂਸ ਨੂੰ ਭੇਜੇ ਪੱਤਰ ਅਨੁਸਾਰ ਪਹਿਲੇ ਸਥਾਨ ’ਤੇ ਆਏ ਪ੍ਰੀਖਿਆਰਥੀ ਨੇ 120 ’ਚੋਂ 117.50 ਨੰਬਰ ਹਾਸਲ ਕੀਤੇ ਜਦੋਂਕਿ ਪੰਜਵੇਂ ਨੰਬਰ ’ਤੇ ਆਏ ਪ੍ਰੀਖਿਆਰਥੀ ਨੇ 115 ਅੰਕ ਪ੍ਰਾਪਤ ਕੀਤੇ ਅਤੇ ਇਹ ਦੋਵੇਂ ਭੈਣ-ਭਰਾ ਹਨ। ਦੂਜੇ ਸਥਾਨ ’ਤੇ ਰਹੇ ਪ੍ਰੀਖਿਆਰਥੀ ਨੇ ਵੀ 117.50 ਫ਼ੀਸਦੀ ਅੰਕ ਲਏ ਅਤੇ ਇਹ ਪ੍ਰੀਖਿਆਰਥੀ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦਾ ਭਤੀਜਾ ਹੈ। ਉਸ ਦੀ ਧੀ 116.25 ਅੰਕਾਂ ਨਾਲ ਚੌਥੇ ਸਥਾਨ ’ਤੇ ਆਈ ਹੈ। ਇੱਕ ਮੁਅੱਤਲ ਅਧਿਕਾਰੀ ਦਾ ਲੜਕਾ ਤੀਜੇ ਸਥਾਨ ’ਤੇ ਹੈ ਜਿਸ ਨੇ 116.25 ਅੰਕ ਲਏ ਹਨ। ਇਸ ਪ੍ਰੀਖਿਆਰਥੀ ਦੀ ਮਾਤਾ ਵੀ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਹੈ। ਇਸੇ ਤਰਾਂ 106.75 ਅੰਕਾਂ ਨਾਲ ਛੇਵਾਂ ਸਥਾਨ ਪ੍ਰੀਖਿਆਰਥਣ ਦਾ ਹੈ। ਉਸ ਦਾ ਪਤੀ 101.25 ਅੰਕਾਂ ਨਾਲ ਸੱਤਵੇਂ ਨੰਬਰ ’ਤੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਉਦੋਂ ਪੂਰੀ ਤਰਾਂ ਸ਼ੱਕੀ ਬਣ ਗਿਆ ਜਦੋਂ ਮੈਰਿਟ ’ਚ 105 ਅੰਕਾਂ ਤੋਂ ਸਿੱਧੀ ਛਾਲ 115 ਅੰਕਾਂ ਤੱਕ ਵੱਜੀ ਦਿਖਾਈ ਦਿੱਤੀ।
ਨਿਰਪੱਖ ਪੜਤਾਲ ਹੋਵੇ: ਪ੍ਰੀਖਿਆਰਥੀ
ਪੀੜਤ ਪ੍ਰੀਖਿਆਰਥੀ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇੰਨ੍ਹਾਂ ਪ੍ਰੀਖਿਆਰਥੀਆਂ ਨੂੰ ਪੇਪਰ ਪ੍ਰੀਖਿਆ ਤੋਂ ਪਹਿਲਾਂ ਰਾਤ ਵਕਤ ਹੀ ਹੱਲ ਕਰਵਾ ਦਿੱਤੇ ਗਏ ਹਨ ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਤੀਜਿਆਂ ਨੂੰ ਦੇਖਕੇ ਬਠਿੰਡਾ ’ਚ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।