ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਹਿਤ ਕਮੇਟੀ ਗਠਿਤ
ਪਟਿਆਲਾ, 24 ਮਾਰਚ 2025- ਪੰਜਾਬੀ ਯੂਨੀਵਰਸਿਟੀ ਨੇ ਪ੍ਰੀਖਿਆ ਸ਼ਾਖਾ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਹਿਤ ਕਮੇਟੀ ਗਠਿਤ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਅਥਾਰਿਟੀਜ਼ ਨੇ ਦੱਸਿਆ ਕਿ ਹਾਲ ਹੀ ਵਿੱਚ 21 ਮਾਰਚ ਨੂੰ ਹੋਈ ਸਿੰਡੀਕੇਟ ਮੀਟਿੰਗ ਦੌਰਾਨ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕਾਰਜਾਂ ਬਾਰੇ ਚਰਚਾ ਹੋਈ ਸੀ। ਮੀਟਿੰਗ ਵਿੱਚ ਕੁੱਝ ਮੈਂਬਰ ਸਾਹਿਬਾਨ ਵੱਲੋਂ ਇਸ ਮਾਮਲੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ । ਇਸ ਮਾਮਲੇ ਬਾਰੇ ਗੱਲਬਾਤ ਦੇ ਆਧਾਰ ਉੱਤੇ ਸਿੰਡੀਕੇਟ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਯੂਨੀਵਰਸਿਟੀ ਅਥਾਰਿਟੀਜ਼ ਦੱਸਿਆ ਕਿ ਇਹ ਕਮੇਟੀ ਪ੍ਰੀਖਿਆ ਸ਼ਾਖਾ ਦੇ ਵੱਖ-ਵੱਖ ਕੰਮਾਂ ਨੂੰ ਹੋਰ ਸੁਚਾਰੂ ਤਰੀਕੇ ਨਾਲ ਕਰਵਾਉਣ ਹਿਤ ਲੋੜੀਂਦੇ ਸੁਧਾਰ ਕਰਨ ਲਈ ਕੰਮ ਕਰੇਗੀ। ਇਹ ਕਮੇਟੀ ਮੌਜੂਦਾ ਸਮੇਂ ਪ੍ਰੀਖਿਆ ਸ਼ਾਖਾ ਦੇ ਕੰਟਰੋਲਰ/ਐਡੀਸ਼ਨਲ ਕੰਟਰੋਲਰ/ਡਿਪਟੀ ਕੰਟਰੋਲਰ ਦੇ ਕੰਮਾਂ ਦੀ ਵੰਡ ਬਾਰੇ ਸਮੀਖਿਆ ਕਰ ਕੇ ਆਪਣੇ ਸੁਝਾਅ ਦੇਵੇਗੀ।
ਯੂਨੀਵਰਸਿਟੀ ਅਥਾਰਿਟੀਜ਼ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੀਖਿਆ ਸ਼ਾਖਾ ਦੇ ਕਰਮਚਾਰੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ਼ ਯੂਨੀਵਰਸਿਟੀ ਨਿਯਮਾਂ ਮੁਤਾਬਕ ਆਪਣਾ ਕੰਮ ਕਰਦੇ ਹਨ। ਕੰਮ ਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਹੀ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਾਲ਼ ਹੀ ਯੂਨੀਵਰਸਿਟੀ ਅਥਾਰਿਟੀਜ਼ ਨੇ ਇਹ ਵੀ ਕਿਹਾ ਕਿ ਜੇਕਰ ਪ੍ਰੀਖਿਆ ਸ਼ਾਖਾ ਨਾਲ਼ ਜੁੜੀਆਂ ਸੇਵਾਵਾਂ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਵੀ ਗੰਭੀਰਤਾ ਨਾਲ਼ ਲਿਆ ਜਾਵੇਗਾ।