'ਵੰਦੇ ਭਾਰਤ ਐਕਸਪ੍ਰੈਸ' ਅੱਜ ਤੋਂ ਬਰਨਾਲਾ ਸਟੇਸ਼ਨ 'ਤੇ ਰੁਕੇਗੀ, ਮੰਤਰੀ ਬਿੱਟੂ ਨੇ ਜਾਰੀ ਕੀਤਾ ਸ਼ਡਿਊਲ
ਬਰਨਾਲਾ: 20 ਫਰਵਰੀ, 2026
ਬਰਨਾਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਰੇਲ ਯਾਤਰੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ। ਰੇਲ ਮੰਤਰਾਲੇ ਦੇ ਤਾਜ਼ਾ ਫੈਸਲੇ ਅਨੁਸਾਰ, ਦੇਸ਼ ਦੀ ਅਤਿ-ਆਧੁਨਿਕ ਰੇਲਗੱਡੀ 'ਵੰਦੇ ਭਾਰਤ ਐਕਸਪ੍ਰੈਸ' ਅੱਜ, 20 ਫਰਵਰੀ ਤੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਰੁਕਣਾ ਸ਼ੁਰੂ ਕਰ ਦੇਵੇਗੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ।
ਰੇਲਵੇ ਵਿਭਾਗ ਅਨੁਸਾਰ ਫ਼ਿਰੋਜ਼ਪੁਰ ਕੈਂਟ-ਦਿੱਲੀ ਜੰਕਸ਼ਨ-ਫ਼ਿਰੋਜ਼ਪੁਰ ਕੈਂਟ ਵੰਦੇ ਭਾਰਤ ਐਕਸਪ੍ਰੈਸ ਹੁਣ ਬਰਨਾਲਾ ਸਟੇਸ਼ਨ 'ਤੇ ਦੋ ਮਿੰਟ ਲਈ ਰੁਕਿਆ ਕਰੇਗੀ। ਫਿਲਹਾਲ ਇਹ ਫੈਸਲਾ ਪ੍ਰਯੋਗਾਤਮਕ ਆਧਾਰ 'ਤੇ ਲਿਆ ਗਿਆ ਹੈ ਅਤੇ ਜੇਕਰ ਮੁਸਾਫਰਾਂ ਦੀ ਗਿਣਤੀ ਅਤੇ ਹੁੰਗਾਰਾ ਵਧੀਆ ਰਿਹਾ, ਤਾਂ ਇਸ ਰੁਕਣ (Halt) ਨੂੰ ਸਥਾਈ ਕਰ ਦਿੱਤਾ ਜਾਵੇਗਾ। ਨਵੇਂ ਸ਼ਡਿਊਲ ਮੁਤਾਬਕ ਫ਼ਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਟ੍ਰੇਨ ਨੰਬਰ 26462 ਸਵੇਰੇ 9:59 ਵਜੇ ਬਰਨਾਲਾ ਪਹੁੰਚੇਗੀ ਅਤੇ 10:01 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਦਿੱਲੀ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਟ੍ਰੇਨ ਨੰਬਰ 26461 ਰਾਤ 8:20 ਵਜੇ ਬਰਨਾਲਾ ਪਹੁੰਚੇਗੀ ਅਤੇ 8:22 ਵਜੇ ਅਗਲੇ ਸਫਰ ਲਈ ਰਵਾਨਾ ਹੋਵੇਗੀ।
ਇਸ ਦੇ ਨਾਲ ਹੀ ਰੇਲਵੇ ਨੇ ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ-ਮਾਨਸੀ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਚਲਾਉਣ ਦਾ ਵੀ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਰੇਲਗੱਡੀ 24 ਫਰਵਰੀ, 28 ਫਰਵਰੀ ਅਤੇ 4 ਮਾਰਚ ਨੂੰ ਅੰਮ੍ਰਿਤਸਰ ਤੋਂ ਚੱਲੇਗੀ। ਆਪਣੇ ਸਫਰ ਦੌਰਾਨ ਇਹ ਗੱਡੀ ਜਲੰਧਰ, ਲੁਧਿਆਣਾ (ਢੰਡਾਰੀ ਕਲਾਂ), ਅੰਬਾਲਾ, ਮੁਰਾਦਾਬਾਦ ਅਤੇ ਗੋਰਖਪੁਰ ਵਰਗੇ ਅਹਿਮ ਸਟੇਸ਼ਨਾਂ 'ਤੇ ਰੁਕ ਕੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰੇਗੀ।