ਉਦਯੋਗ ਜਗਤ ਦੇ ਮਾਹਿਰਾਂ ਵੱਲੋਂ ਪਾਵਰ ਇਲੈਕਟ੍ਰੋਨਿਕਸ, ਸੇਮੀਕੰਡਕਟਰ ਤੇ ਊਰਜਾ ਪ੍ਰਬੰਧਨ ‘ਤੇ ਵਿਚਾਰ-ਚਰਚਾ
ਚੰਡੀਗੜ੍ਹ, 06 ਮਾਰਚ 2025 : ਪੰਜਾਬ ਇੰਜੀਨੀਅਰਿੰਗ ਕਾਲਜ ਦੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਵੱਲੋਂ 5-6 ਮਾਰਚ 2025 ਨੂੰ ਇੰਡਸਟਰੀ-ਅਕੈਡਮਿਕ ਐਕ੍ਸਪਰ੍ਟ ਲੈਕਚਰ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ਵਿੱਚ ਸ਼੍ਰੀ ਚੇਤਨ ਸੋਮ, ਫਾਊਂਡਰ ਅਤੇ ਸੀਈਓ, ਐਕਸਾਲੀਪ ਸੇਮੀਕੰਡਕਟਰ ਪ੍ਰਾਈਵੇਟ ਲਿਮਿਟਿਡ (ਬੈਂਗਲੁਰੂ/ਚੀਨ/ਅਮਰੀਕਾ); ਡਾ. ਵੀਰ ਕਰਣ ਗੋਯਲ, ਮੁਖੀ, ਪਾਵਰ ਇਲੈਕਟ੍ਰੋਨਿਕਸ, ਇਲੈਕਟ੍ਰੋਵੇਵਸ ਇਲੈਕਟ੍ਰੋਨਿਕਸ ਲਿਮਿਟਿਡ, ਪਰਵਾਣੂ; ਅਤੇ ਇੰਜੀਨਿਅਰ ਰਾਜੀਵ ਸਪਰਾ, ਸਾਬਕਾ ਡੀ.ਜੀ.ਐਮ., ਦਿੱਲੀ ਟ੍ਰਾਂਸਕੋ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸ਼੍ਰੀ ਚੇਤਨ ਸੋਮ ਨੇ ਸੈਮੀਕੰਡਕਟਰ ਡਿਜ਼ਾਈਨ ਅਤੇ ਪਾਵਰ ਸੈਕਟਰ 'ਚ ਉਸ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਸੈਸ਼ਨ ਦੀ ਖ਼ਾਸੀਅਤ ਐਸਓਸੀ ਆਰਕੀਟੈਕਚਰ ਦਾ ਵਿਕਾਸ ਅਤੇ ਰਿਸ੍ਕ-ਫਾਈਵ (RISC-V), ਜੋ ਕਿ ਇੱਕ ਓਪਨ-ਸੋਰਸ ਸੈਮੀਕੰਡਕਟਰ ਤਕਨੀਕ ਹੈ, ਰਹੀ। ਉਨ੍ਹਾਂ ਨੇ ਦੱਸਿਆ ਕਿ ਸੈਮੀਕੰਡਕਟਰ ਉਦਯੋਗ ਕਿਵੇਂ ਤਰੱਕੀ ਕਰ ਰਿਹਾ ਹੈ, ਇਸ ਵਿੱਚ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਕੀ ਹਨ ਅਤੇ ਓਪਨ-ਸੋਰਸ ਟੈਕਨੋਲੋਜੀ ਕਿਵੇਂ ਵਿਕਸਿਤ ਹੋ ਰਹੀ ਹੈ।
ਡਾ. ਵੀਰ ਕਰਣ ਗੋਯਲ ਨੇ ਪਾਵਰ ਇਲੈਕਟ੍ਰੋਨਿਕਸ ਡਿਜ਼ਾਈਨ, ਸਿਸਟਮ ਡਿਜ਼ਾਈਨ ਅਤੇ ਕੰਟਰੋਲ ਸਟ੍ਰੈਟਜੀਜ਼ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਰਿਨਿਊਏਬਲ ਐਨਰਜੀ ਲਈ ਪਾਵਰ ਇਲੈਕਟ੍ਰੋਨਿਕ ਇਨਵਰਟਰ ਤੇ ਕੰਵਰਟਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਹ ਤਕਨੀਕਾਂ ਊਰਜਾ ਦੀ ਸਮਰੱਥਾ ਵਧਾਉਣ ਅਤੇ ਵਧੀਆ ਏਕੀਕਰਨ ਯਕੀਨੀ ਬਣਾਉਣ ਵਿੱਚ ਕਿਵੇਂ ਮਦਦ ਕਰਦੀਆਂ ਹਨ। ਉਨ੍ਹਾਂ ਨੇ ਬੈਟਰੀ ਚਾਰਜਰ ਡਿਜ਼ਾਈਨ ਤੇ ਵੀ ਵਧੀਆ ਜਾਣਕਾਰੀ ਦਿੱਤੀ ਅਤੇ ਭਾਰਤ 'ਚ ਬੈਟਰੀ ਚਾਰਜਿੰਗ ਸਿਸਟਮ ਦੀਆਂ ਨਵੀਆਂ ਲੋੜਾਂ ਬਾਰੇ ਦੱਸਿਆ।
ਇੰਜੀਨਿਅਰ ਰਾਜੀਵ ਸਪਰਾ ਨੇ ਦਿੱਲੀ ਵਿੱਚ ਬਿਜਲੀ ਲੋਡ ਮੈਨੇਜਮੈਂਟ ਅਤੇ ਐਸ ਐਲ ਡੀ ਸੀ (ਸਟੇਟ ਲੋਡ਼ ਡਿਸਪੈਚ ਸੈਂਟਰ) ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਲਾਈਵ ਡਾਟਾ ਪ੍ਰੋਸੈਸਿੰਗ ਰਾਹੀਂ ਵਿਖਾਇਆ, ਕਿ ਕਿਸ ਤਰ੍ਹਾਂ ਵੱਖ-ਵੱਖ ਰਾਜਾਂ ਵਿੱਚ ਬਿਜਲੀ ਦੇ ਲੋਡ ਨੂੰ ਸੰਤੁਲਿਤ ਕੀਤਾ ਜਾਂਦਾ ਹੈ, ਤਾਂ ਜੋ ਸ਼ਹਿਰਾਂ ਵਿੱਚ ਬਿਜਲੀ ਦੀ ਘਾਟ ਨਾ ਆਵੇ। ਉਨ੍ਹਾਂ ਇਹ ਵੀ ਸਮਝਾਇਆ ਕਿ ਮੌਸਮ ਅਤੇ ਤਾਪਮਾਨ ਵਿੱਚ ਤਬਦੀਲੀਆਂ ਬਿਜਲੀ ਦੀ ਮੰਗ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ਅਤੇ ਇਹ ਮੰਗ ਕਿਵੇਂ ਮੈਨੇਜ ਕੀਤੀ ਜਾਂਦੀ ਹੈ।
ਇਹ ਲੈਕਚਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਉਦਯੋਗ ਅਤੇ ਅਕਾਦਮਿਕ ਦੁਨੀਆ ਵਿਚਲਾ ਅੰਤਰ ਘਟਾਉਣ ਦਾ ਵਧੀਆ ਮੌਕਾ ਸਾਬਤ ਹੋਏ। ਇਹਨਾਂ ਸੈਸ਼ਨਾਂ ਰਾਹੀਂ ਸਭ ਨੂੰ ਪਾਵਰ ਇਲੈਕਟ੍ਰੋਨਿਕਸ, ਨਵੀਨੀਕਰਨ ਯੋਗ ਊਰਜਾ, ਅਤੇ ਬਿਜਲੀ ਪ੍ਰਬੰਧਨ ਦੀਆਂ ਨਵੀਂ ਤਕਨੀਕਾਂ ਬਾਰੇ ਵੀ ਗਿਆਨ ਮਿਲਿਆ।