ਬ੍ਰਤਾਨਵੀ ਸੰਸਦ ਵਿੱਚ ਵਿਗਿਆਨ ਕੀ ਹੈ? ਕਿਤਾਬ ਦਾ ਲੋਕ ਅਰਪਣ ਜਸ਼ਨ ਸੰਪੂਰਨ
ਲੰਡਨ (ਸਰਦੂਲ ਸਿੰਘ ਮਾਰਵਾ) - ਪੰਜਾਬ ਨਾਲ਼ੋਂ ਵਿਦੇਸ਼ਾਂ ਵਿੱਚ ਸਰਕਾਰੇ ਦਰਬਾਰੇ ਪੰਜਾਬੀ ਦੀ ਗੱਲ, ਜ਼ਿਆਦਾ ਹੁੰਦੀ ਹੈ। ਇਸਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਬ੍ਰਤਾਨੀਆ ਦੀ ਸੰਸਦ ਦੇ, ਹਾਊਸ ਆਫ ਲੋਰਡਜ਼ ਵਿੱਚ ਸਾਖਸ਼ਾਤ ਦੇਖਣ ਨੂੰ ਮਿਲ਼ੀ। ਲੋਰਡ ਕੁਲਦੀਪ ਸਿੰਘ ਸਹੋਤਾ ਵਲੋਂ ਡਾ. ਬਲਦੇਵ ਸਿੰਘ ਕੰਦੋਲਾ ਦੀ ਕਿਤਾਬ "ਵਿਗਿਆਨ ਕੀ ਹੈ?" ਦਾ ਉਲੀਕਿਆ ਵਿਸ਼ੇਸ਼ ਲੋਕ ਅਰਪਣ ਜਸ਼ਨ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ। ਇਸ ਜਸ਼ਨ ਵਿੱਚ ਲੋਰਡ ਕੁਲਦੀਪ ਸਿੰਘ ਸਹੋਤਾ ਦੇ ਸੱਦੇ 'ਤੇ ਲੋਰਡ ਇੰਦਰਜੀਤ ਸਿੰਘ, ਲੋਰਡ ਰੈਮੀ ਰੇਂਜਰ ਤੋਂ ਇਲਾਵਾ ਸਲੋਹ ਅਤੇ ਡਰਬੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਭਗਤ ਸਿੰਘ ਸ਼ੰਕਰ ਸਮੇਤ ਦੇਸ਼ਾਂ ਵਿਦੇਸ਼ਾਂ ਤੋਂ ਆਏ ਮਹਿਮਾਨ ਵਿਦਵਾਨਾਂ ਨੇ ਸ਼ਿਰਕਤ ਕੀਤੀ। ਨਿੱਜੀ ਰੁਝੇਵਿਆਂ ਕਾਰਨ ਰਿਸ਼ੀ ਸੂਨਕ ਸਮੇਤ ਚਾਰ ਪੰਜਾਬੀ ਸੰਸਦ ਮੈਂਬਰਾਂ ਨੇ ਅਸਮਰੱਥਤਾ ਦਾ ਪ੍ਰਗਟਾਵਾ ਵੀ ਸਾਂਝਾ ਕੀਤਾ।
ਸਮੇਂ ਸਿਰ ਸ਼ੁਰੂ ਹੋਏ ਸਮਾਗਮ ਦੀ ਅਰੰਭ ਵਿੱਚ ਹੀ ਪੰਜਾਬੀ ਵਿਕਾਸ ਮੰਚ ਯੂਕੇ (ਪਵਿਮ) ਦੇ ਮੁੱਖ ਸਕੱਤਰ ਕੌਂ: ਸ਼ਿੰਦਰਪਾਲ ਸਿੰਘ ਮਾਹਲ ਨੇ ਸਾਰੇ ਪ੍ਰੋਗਰਾਮ ਦੀ ਸਾਰਣੀ ਸਾਂਝੀ ਕਰਨ ਦੇ ਨਾਲ਼ ਹੀ ਲੋਰਡ ਸਹੋਤਾ ਨੂੰ ਹਾਜ਼ਰ ਪ੍ਰਾਹੁਣਿਆਂ ਦੇ ਸਵਾਗਤ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਪਣੇ ਨਿੱਘੇ ਸਵਾਗਤੀ ਸ਼ਬਦਾਂ ਦੇ ਨਾਲ਼ ਹੀ ਸਾਰੇ ਸਮਾਗਮ ਦੀ ਕਾਰਵਾਈ ਨੂੰ ਪੰਜਾਬੀ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ, ਜਿਸਦੀ ਸਭ ਨੇ ਰੱਜ ਕੇ ਸਰਾਹਣਾ ਕੀਤੀ। ਉਪ੍ਰੰਤ ਪਵਿਮ ਦੇ ਚੇਅਰਮੈਨ ਕੌਂ: ਸਰਦੂਲ ਸਿੰਘ ਮਾਰਵਾ MBE ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਗਿਆਨ ਸਾਨੂੰ ਸਮਝਣ, ਸਵਾਲ ਪੁੱਛਣ, ਜਵਾਬ ਲੱਭਣ ਅਤੇ ਸਮਾਜ ਦੀ ਬਿਹਤਰੀ ਲਈ ਗਿਆਨ ਨੂੰ ਲਾਗੂ ਕਰਨ ਦੇ ਖੋਜ ਕਾਰਜ ਦੀ ਸੋਝੀ ਦਿੰਦਾ ਹੈ। ਇਹ ਇੱਕ ਅਜਿਹਾ ਅਨੁਸ਼ਾਸਨ ਹੈ ਜੋ ਸਭ 'ਤੇ ਲਾਗੂ ਹੁੰਦਾ ਹੈ ਭਾਵੇਂ ਇਹ ਗੁੰਝਲਦਾਰ ਭਾਸ਼ਾ ਵਿੱਚ ਬੰਦ ਹੁੰਦਾ ਹੈ। ਉਹਨਾਂ ਨੇ ਇਸ ਦਿਨ ਨੂੰ ਪੰਜਾਬੀ ਭਾਸ਼ਾ ਲਈ ਮੁਬਾਰਕ ਦਿਨ ਵੀ ਦੱਸਿਆ। ਲੋਰਡ ਰੈਮੀ ਰੇਂਜਰ ਨੇ ਸ਼ੁੱਧ ਪੰਜਾਬੀ ਵਿੱਚ ਡਾ. ਕੰਦੋਲਾ ਦੇ ਵਿੱਦਿਅਕ ਸਫ਼ਰ ਅਤੇ ਪ੍ਰਾਪਤੀ 'ਤੇ ਮਾਣ ਕਰਦਿਆਂ ਆਪਣੀ ਸੰਘਰਸ਼ਮਈ ਜੀਵਨ ਯਾਤਰਾ ਦਾ ਸੰਖੇਪ ਜ਼ਿਕਰ ਵੀ ਕੀਤਾ।
ਉਨ੍ਹਾਂ ਤੋਂ ਬਾਅਦ ਪਵਿਮ ਦੇ ਮੁਖੀ ਡਾ. ਕੰਦੋਲਾ ਨੇ ਆਪਣੇ ਜੀਵਨ ਵਿੱਚ ਵਿਗਿਆਨ ਦੀ ਖੋਜ ਅਤੇ ਅਹਿਮ ਭੂਮਿਕਾ 'ਤੇ ਤਬਸਰਾ ਕਰਨ ਦੇ ਨਾਲ਼ ਨਾਲ਼ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਦੀ ਗੱਲ ਨਾ ਹੋ ਸਕਣ ਕਾਰਨ ਸਾਨੂੰ ਇਹ ਗੱਲਾਂ ਬ੍ਰਤਾਨਵੀ ਸੰਸਦ ਵਿੱਚ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਲਈ ਉਹਨਾਂ ਨੇ ਲੋਰਡ ਸਹੋਤਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਸਲੋਹ ਦੇ ਜੰਮਪਲ ਅਤੇ ਸੰਸਦ ਮੈਂਬਰ ਤਨ ਢੇਸੀ ਨੇ ਖੁਦ ਦੇ ਪੰਜਾਬੀ ਪਿਛੋਕੜ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਤ ਭਾਸ਼ਾ ਉੱਤੇ ਵੀ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਫ਼ੌਜੀਆਂ ਦੀ ਯਾਦਗਾਰ ਸਥਾਪਤ ਕਰਨ ਬਾਰੇ ਵੀ ਚਾਨਣਾ ਪਾਉਂਦਿਆਂ ਫ਼ਖ਼ਰ ਮਹਿਸੂਸ ਕੀਤਾ। ਉਪ੍ਰੰਤ ਕੌਂ: ਮਾਹਲ ਨੇ ਵਿਗਿਆਨ ਦੀ ਮਹਾਨ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਗਿਆਨ ਹਰ ਚੁਣੌਤੀ ਦਾ ਹੱਲ ਪ੍ਰਦਾਨ ਕਰਨ ਦੇ ਨਾਲ਼ ਨਾਲ਼ ਸਾਨੂੰ ਹਰ ਸਮੱਸਿਆ ਨੂੰ ਡੂੰਘਾਈ ਨਾਲ਼ ਘੋਖਣ ਅਤੇ ਸਮਝਣ ਦੀ ਯੋਗਤਾ ਨਾਲ ਲੈਸ ਕਰਦਾ ਹੈ। ਉਨ੍ਹਾਂ ਪਵਿਮ ਦੀਆਂ ਪਿਛਲੇ ਦੋ ਦਹਾਕਿਆਂ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਜਿਸ ਵਿੱਚ ਪੰਜਾਬੀ ਦਾ ਪਹਿਲਾ ਸ਼ਬਦ ਪ੍ਰਕਰਨ, ਪਹਿਲਾ ਪੰਜਾਬੀ ਵੈੱਬਸਾਈਟ, ਪਹਿਲਾ ਪੰਜਾਬੀ ਯੂਨੀਕੋਡ ਕੀਬੋਰਡ ਅਤੇ ਬੀਬੀਸੀ 'ਤੇ ਪੰਜਾਬੀ ਦੀ ਮੁਹਿੰਮ ਅਤੇ ਕਾਮਯਾਬੀ ਦਾ ਜ਼ਿਕਰ ਕੀਤਾ। ਨਾਲ਼ ਹੀ ਉਨ੍ਹਾਂ ਪਵਿਮ ਪੰਜਾਬ ਫੇਰੀਆਂ ਦੌਰਾਨ ਹੋਏ ਖੱਟੇ ਮਿੱਠੇ ਅਨੁਭਵਾਂ ਦਾ ਸਕਾਰਾਤਮਿਕ ਢੰਗ ਨਾਲ਼ ਵਰਨਣ ਕੀਤਾ। ਉਹਨਾਂ ਇਸ ਦਿਨ ਸਵ: ਕੌਂ: ਮੋਤਾ ਸਿੰਘ ਅਤੇ ਮਨਮੋਹਨ ਮਹੇੜੂ ਵਲੋਂ ਪਾਏ ਉਸਾਰੂ ਯੋਗਦਾਨ ਨੂੰ ਵੀ ਯਾਦ ਕੀਤਾ।
ਆਖਰ ਵਿੱਚ ਪੰਜਾਬੀ ਵਿਕਾਸ ਮੰਚ ਯੂਕੇ ਵਲੋਂ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਸ. ਲਛਮਣ ਸਿੰਘ ਗਿੱਲ ਵੇਲੇ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ 'ਪੰਜਾਬ ਰਾਜ ਭਾਸ਼ਾ ਕਾਨੂੰਨ' ਨੂੰ ਮੌਜੂਦਾ ਪੰਜਾਬ ਸਰਕਾਰ ਤੋਂ ਤੁਰੰਤ ਲਾਗੂ ਕਰਨ ਅਤੇ ਸਰਕਾਰੀ ਦਫਤਰਾਂ ਤੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਮੰਗ ਰੱਖੀ ਗਈ। ਇਸ ਮਤੇ ਨੂੰ ਹਾਜ਼ਰ ਪੰਜਾਬੀਆਂ ਵਲੋਂ ਹੱਥ ਖੜ੍ਹੇ ਕਰਕੇ ਜੋਸ਼ ਭਰਪੂਰ ਸਹਿਮਤੀ ਨਾਲ਼ ਸਮਰਥਨ ਦਿੱਤਾ ਗਿਆ।
ਖਰਾਬ ਮੌਸਮ ਦੇ ਬਾਵਜੂਦ ਵੀ ਵਿਸ਼ੇਸ਼ ਸੱਦੇ 'ਤੇ ਪਹੁੰਚਣ ਵਾਲ਼ਿਆਂ ਵਿੱਚ ਸਲੋਹ ਤੋਂ ਮੇਵਾ ਸਿੰਘ ਮਾਨ, ਗੁਰਦੀਪ ਸਿੰਘ ਧੂਤ, ਸਿੱਖ ਸਿੱਖਿਆ ਪਰਿਸ਼ਦ ਯੂਕੇ ਦੇ ਮੁਖੀ ਡਾ. ਪ੍ਰਗਟ ਸਿੰਘ, ਹਰਵਿੰਦਰ ਸਿੰਘ, ਕੰਵਰ ਬਰਾੜ ਤੋਂ ਇਲਾਵਾ ਰੂਪ ਢਿੱਲੋਂ, ਯਸ਼ ਸਾਥੀ, ਮਨਜੀਤ ਪੱਡਾ, ਲੀਡਜ਼ ਤੋਂ ਅਰਵਿੰਦ ਸਿਰ੍ਹਾ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਸ. ਜਸਪਾਲ ਸਿੰਘ, ਨਰਿੰਦਰ ਸਿੰਘ ਮਰਵਾਹਾ, ਹਿਚਨ ਤੋਂ ਸ. ਰਸ਼ਪਾਲ ਸਿੰਘ ਸੀਹਰਾ, ਬ੍ਰਮਿੰਘਮ ਤੋਂ ਸ. ਅਮਰਜੀਤ ਸਿੰਘ ਨੰਦਰਾ, ਜਸਪਾਲ ਵਿਰਦੀ, ਅਮੋਲਕਜੀਤ ਸਿੰਘ ਢਿੱਲੋਂ, ਕਰਨੈਲ ਸਿੰਘ ਚੀਮਾ, ਡਾ. ਮਹਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਕੁੰਦਰਾ ਦੇ ਨਾਮ ਜ਼ਿਕਰ ਯੋਗ ਹਨ। ਕੌਂ: ਮਾਹਲ ਵਲੋਂ ਨਿਭਾਏ ਗਏ ਸੁਯੋਗ ਮੰਚ ਸੰਚਾਲਨ ਦੌਰਾਨ ਮਹਿਮਾਨਾਂ ਨੂੰ ਸਵਾਲ ਕਰਨ ਅਤੇ ਵਿਚਾਰ ਰੱਖਣ ਲਈ ਢੁਕਵਾਂ ਅਵਸਰ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਆਪਸੀ ਵਿਚਾਰਾਂ ਅਤੇ ਸੁਝਾਵਾਂ ਸਹਿਤ ਕਮਾਲ ਦਾ ਉਤਸ਼ਾਹੀ ਆਦਾਨ ਪ੍ਰਦਾਨ ਹੋਇਆ।
ਕੁੱਲ ਮਿਲ਼ਾ ਕੇ ਬ੍ਰਤਾਨਵੀ ਸੰਸਦ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪੰਜਾਬੀ ਕਿਤਾਬ ਦਾ ਵਿਮੋਚਨ ਸਮਾਗਮ ਪੰਜਾਬੀ ਭਾਸ਼ਾ ਪ੍ਰੇਮੀਆਂ ਦੇ ਮਨਾਂ 'ਤੇ ਅਭੁੱਲ ਛਾਪ ਛੱਡਣ ਵਿੱਚ ਸਫਲਤਾ ਸਹਿਤ ਸੰਪੂਰਨ ਹੋਇਆ।