ਨੀਲਾ ਪਾਸਪੋਰਟ -ਹੋਇਆ ਸਮਾਰਟ : ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਤੋਂ ਹੁਣ ਬਨਣ ਲੱਗੇ ਈ-ਪਾਸਪੋਰਟ-ਪਹਿਲਾ ਪਾਸਪੋਰਟ ਜਾਰੀ
-ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ ਅਜੇ ‘ਇੰਡੀਆ’ ਸ਼ਾਮਿਲ ਨਹੀਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 23 ਅਕਤੂਬਰ 2025-ਦੁਨੀਆ ਭਰ ਵਿੱਚ ਇਲੈਕਟਰਾਨਿਕ ਪਾਸਪੋਰਟ ਕੰਟਰੋਲ ਪ੍ਰਣਾਲੀਆਂ (ਈ-ਗੇਟਾਂ) ਨੂੰ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ ਗਿਆ ਸੀ। ਬਹੁਤ ਸਾਰੇ ਦੇਸ਼ਾਂ ਨੇ ਇਸ ਤਕਨਾਲੋਜੀ ਦੀ ਜਾਂਚ ਕੀਤੀ ਅਤੇ ਇਸਨੂੰ ਅਪਣਾਇਆ। ਜੇਕਰ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਦੀ ਗੱਲ ਕਰੀਏ, ਤਾਂ ਆਸਟਰੇਲੀਆ ਨੂੰ ਅਕਸਰ ਸਭ ਤੋਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸਨੇ ਆਪਣੀ ਬਾਰਡਰ ਪ੍ਰਕਿਰਿਆਵਾਂ ਵਿੱਚ ਇਸ ਤਰ੍ਹਾਂ ਦੀ ਆਟੋਮੇਟਿਡ ਪ੍ਰਣਾਲੀ, ਜਿਸਨੂੰ ‘ਸਮਾਰਟ ਗੇਟ’ ਕਿਹਾ ਜਾਂਦਾ ਹੈ, ਨੂੰ ਵਿਆਪਕ ਤੌਰ ’ਤੇ ਲਾਗੂ ਕੀਤਾ। ਨਿਊਜ਼ੀਲੈਂਡ ਕਸਟਮਜ਼ ਸਰਵਿਸ ਦੁਆਰਾ ਇਹਨਾਂ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।
ਭਾਰਤੀਆਂ ਨੂੰ ਖੁਸ਼ੀ ਹੋਏਗੀ ਕਿ ਹੁਣ ਵਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ 21 ਅਕਤੂਬਰ ਨੂੰ ਪਹਿਲਾ ਈ-ਪੋਸਪਰਟ ਜਾਰੀ ਕਰਕੇ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲਾ ਪਾਸਪੋਰਟ ਕੇਰਲਾ ਦੀ ਇਕ ਮਹਿਲਾ ਅੰਸੀ ਜੋਸੇ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ। ਇਹ ‘ਗਲੋਬਲ ਪਾਸਪੋਰਟ ਸੇਵਾ ਪੋਰਟਲ 2.0 (ਐਡੀਸ਼ਨ’ ਤਹਿਤ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਯਾਤਰਾ ਦਸਤਾਵੇਜ ਹੈ।
ਲਾਭ”: ਤੇਜ਼ ਪ੍ਰਕਿਰਿਆ: ਈ-ਗੇਟ ਯਾਤਰੀਆਂ ਲਈ ਪਾਸਪੋਰਟ ਕੰਟਰੋਲ ਵਿੱਚ ਲੱਗਣ ਵਾਲੇ ਸਮੇਂ ਨੂੰ ਬਹੁਤ ਘਟਾ ਦਿੰਦੇ ਹਨ, ਜਿਸ ਨਾਲ ਲੰਬੀਆਂ ਕਤਾਰਾਂ ਤੋਂ ਰਾਹਤ ਮਿਲਦੀ ਹੈ।
ਕੁਸ਼ਲਤਾ: ਇਹ ਏਅਰਪੋਰਟਾਂ ਦੀ ਕੁਸ਼ਲਤਾ ਨੂੰ ਵਧਾਉਂਦੇ ਹਨ, ਖਾਸ ਕਰਕੇ ਜ਼ਿਆਦਾ ਆਵਾਜਾਈ ਵਾਲੇ ਸਮੇਂ ਦੌਰਾਨ।
ਸੁਰੱਖਿਆ: ਬਾਇਓਮੈਟ੍ਰਿਕ ਤਕਨਾਲੋਜੀ ਦੀ ਵਰਤੋਂ ਕਰਨ ਨਾਲ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਮਨੁੱਖੀ ਗਲਤੀ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਸੁਰੱਖਿਆ ਮਿਆਰ ਮਜ਼ਬੂਤ ਹੁੰਦੇ ਹਨ।
ਮਨੁੱਖੀ ਸਰੋਤਾਂ ਦੀ ਬਚਤ: ਸਰਹੱਦੀ ਅਫਸਰਾਂ ਨੂੰ ਹੋਰ ਗੁੰਝਲਦਾਰ ਮਾਮਲਿਆਂ ’ਤੇ ਧਿਆਨ ਦੇਣ ਲਈ ਸਮਾਂ ਮਿਲ ਜਾਂਦਾ ਹੈ।
ਕੀ ਨਿਊਜ਼ੀਲੈਂਡ ਦੇ ਵਿਚ ਭਾਰਤੀ ਈ-ਪਾਸਪੋਰਟ ਯੋਗ ਹੈ?
ਨਿਊਜ਼ੀਲੈਂਡ ਦੇ ਈ-ਗੇਟਾਂ ਲਈ ਯੋਗ ਦੇਸ਼ਾਂ ਦੀ ਸੂਚੀ ਵਿੱਚ ਭਾਰਤ (ਇੰਡੀਆ) ਦਾ ਅਜੇ ਜ਼ਿਕਰ ਨਹੀਂ ਹੈ। ਇਸ ਲਈ, ਵਰਤਮਾਨ ਵਿੱਚ, ਭਾਰਤੀ ਈ-ਪਾਸਪੋਰਟ ਧਾਰਕ ਆਮ ਤੌਰ ’ਤੇ ਨਿਊਜ਼ੀਲੈਂਡ ਵਿੱਚ ਈ-ਗੇਟਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ ਅਤੇ ਉਹਨਾਂ ਨੂੰ ਬਾਰਡਰ ਅਫਸਰ ਰਾਹੀਂ ਲੰਘਣਾ ਪਵੇਗਾ। ਇਸ ਦੇ ਲਈ ਸ਼ਾਇਦ ਜਲਦੀ ਹੀ ਨਵੀਂ ਖਬਰ ਆ ਜਾਵੇ ਕਿ ਇੰਡੀਆ ਦੇ ਈ-ਪੋਸਪਰਟ ਵੀ ਹੁਣ ਸ਼ਾਮਿਲ ਕਰ ਲਏ ਗਏ ਹਨ।