ਬੇਗਮ ਪੁਰਾ ਸੰਕਲਪ:
ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਨਿਊਜ਼ੀਲੈਂਡ ’ਚ ਦਿੱਤਾ ਸੁਨੇਹਾ
‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 13 ਜੁਲਾਈ 2025-ਗੁਰੂ ਰਵਿਦਾਸ ਜੀ ਦਾ ਬੇਗਮ ਪੁਰਾ ਸੰਕਲਪ ਪ੍ਰਤੀ ਬੜਾ ਸੁੰਦਰ ਵਾਕ ਹੈ ਕਿ ‘ਨਾ ਤਸਵੀਸ ਖਿਰਾਜੁ ਨਾ ਮਾਲੁ॥ ਖਉਫ਼ੁ ਨਾ ਖਤਾ ਨਾ ਤਰਸੁ ਜਵਾਲੁ।’ ਮਤਲਬ ਕਿ ਅਜਿਹਾ ਰਾਜ ਜਿੱਥੇ ਕੋਈ ਦੁੱਖ ਤਕਲੀਫ ਨਾ ਹੋਵੇ, ਕੋਈ ਡਰ ਭੈਅ ਨਾ ਹੋਵੇ, ਕੋਈ ਮਾਲੀਆ ਨਾ ਹੋਵੇ ਆਦਿ। ਇਸ ਸੰਕਲਪ ਉਤੇ ਨਿਊਜ਼ੀਲੈਂਡ ਦੌਰੇ ’ਤੇ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਬੋਲਦਿਆਂ ਕਿਹਾ ਕਿ ਗੁਰੂਆਂ ਦੀ ਸੋਚ ਦੇ ਅਧਾਰ ਤੇ ਲੋਕਾਂ ਦੀ ਲਾਮਬੰਦੀ ਆਖਰੀ ਸਾਹ ਤੱਕ ਜਾਰੀ ਰਹੇਗੀ। ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗ ਨਿਊਜ਼ੀਲੈਂਡ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਇਕ ‘ਜਾਗਰਤੀ ਸਮਾਗਮ’ ਕਰਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵਿਚਾਰ ਚਰਚਾਵਾਂ ਸ਼ੁਰੂ ਹੋਈਆਂ। ਇਸ ਮੌਕੇ ਸ. ਜਸਵੀਰ ਸਿੰਘ ਗੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਸਾਹਿਬਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਵੇਲੇ ਜਾਤਾ-ਪਾਤਾਂ ਨੂੰ ਖਤਮ ਕਰਦਿਆਂ ਮਹਾਂਪੁਰਸ਼ਾਂ ਦੀ ਬਾਣੀ ਨੂੰ ਇਕ ਸਾਂਝੇ ਥਾਂ ਉਤੇ ਤਰਤੀਬਬਾਰ ਲਗਾ ਕੇ ਜੋ ਸੁਨੇਹਾ ਦਿੱਤਾ ਉਹ ਸੀ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।’’ ਗੁਰੂ ਰਵਿਦਾਸ ਮਹਾਰਾਜ ਨੇ ਬੇਗਮਪੁਰਾ ਸ਼ਹਿਰ ਦਾ ਸੰਕਲਪ ਦਿੱਤਾ, ਜਿੱਥੇ ਕਿਸੇ ਵੀ ਪ੍ਰਕਾਰ ਦਾ ਗਮ ਤੇ ਉਦਾਸੀ ਨਾ ਹੋਵੇ। ਉਨ੍ਹਾਂ ਸਰੋਤਿਆਂ ਨੂੰ ਗੁਰਬਾਣੀ ਅਧਾਰ ਗੱਲ ਕਰਕੇ ਸਮੁੱਚੇ ਸਮਾਜ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪਨਾ ‘ਇਨ ਗਰੀਬ ਸਿਖਨ ਕੋ ਦਿਓਂ ਪਾਤਸਾਹੀ’ ਦੇ ਆਧਾਰ ਤੇ ਇਕੱਠਾ ਹੋਣ ਲਈ ਸੁਨੇਹਾ ਦਿੱਤਾ।
ਪੰਜਾਬ ਵੱਲ੍ਹ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ‘‘ਪਿਛਲੇ 10 ਸਾਲਾਂ ਦਾ ਰਿਕਾਰਡ ਸੀ ਕਿ ਸਲਾਨਾ 1500 ਦੇ ਕਰੀਬ ਸ਼ਿਕਾਇਤਾਂ ਕਮਿਸ਼ਨ ਦੇ ਦਫਤਰ ਹੀ ਪੁੱਜਦੀਆਂ ਸਨ, ਕਿਉਂਕ ਹੱਲ ਹੋਣ ਦਾ ਭਰੋਸਾ ਨਹੀਂ ਸੀ, ਪਰੰਤੂ ਜਦੋਂ ਤੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਉਹਨਾਂ ਦੀ ਨਿਯੁਕਤੀ ਹੋਈ ਹੈ, ਲੋਕਾਂ ਦੀਆਂ 1500 ਤੋਂ ਜਿਆਦਾ ਸ਼ਿਕਾਇਤਾਂ ਕਮਿਸ਼ਨ ਦੇ ਦਫਤਰ ਵਿੱਚ ਸਿਰਫ ਤਿੰਨ ਮਹੀਨਿਆਂ ਵਿੱਚ ਪੁੱਜ ਚੁੱਕੀਆਂ ਹਨ। ਇਸਦਾ ਸਿੱਧਾ ਭਾਵ ਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਕੰਮਕਾਜ ਵਿੱਚ ਆਮ ਲੋਕਾਂ ਦਾ ਭਰੋਸਾ ਵਧਿਆ ਹੈ।
ਮੰਚ ਮੰਚ ਸੰਚਾਲਨ ਸ੍ਰੀ ਮਨਜੀਤ ਸੰਧੂ ਨੇ ਕੀਤਾ ਅਤੇ ਹਰ ਦੌਰੇ ਉਤੇ ਇਥੇ ਆਉਣ ਦੀ ਬੇਨਤੀ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਜਸਵੀਰ ਸਿੰਘ ਗੜ੍ਹੀ ਦਾ ਧੰਨਵਾਦ ਕਰਦਿਆਂ ਮਾਨ-ਸਨਮਾਨ ਕੀਤਾ ਗਿਆ। ਸੰਗਤਾਂ ਦੇ ਇਕੱਠ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਰਮਨ ਕਾਂਤ, ਉਪ-ਪ੍ਰਧਾਨ ਜਸਵਿੰਦਰ ਕੁਮਾਰ, ਸਕੱਤਰ ਜੋਗਾ ਸਿੰਘ, ਉਪ-ਸਕੱਤਰ ਰਵੀ ਕੁਮਾਰ, ਮਹਿਮੀ, ਖਜਾਨਚੀ ਮਨਜੀਤ ਸੰਧੂ, ਉਪ-ਖਜਾਨਚੀ ਜਸਵਿੰਦਰ ਸਹਜਲ, ਰਾਮਜੀਤ ਸਿੰਘ, ਚਰਨਦਾਸ, ਟਹਿਲ ਰਾਮ, ਮਹਿੰਦਰ ਪਾਲ, ਸੋਹਨ ਲਾਲ, ਗੁਰਬਖ਼ਸ਼ ਕੌਰ, ਕਸ਼ਮੀਰ ਕੌਰ, ਨੀਲਮ ਰਾਣੀ, ਹੇਮਾ ਚੁੰਬਰ, ਗੁਰਪ੍ਰੀਤ ਮੱਲ ਤੇ ਸੁਰਿੰਦਰ ਮਾਹੀ ਆਦਿ ਹਾਜਰ ਸਨ।