ਨਿਊਜ਼ੀਲੈਂਡ ਦੀਆਂ ਜ਼ੇਲ੍ਹਾਂ ਵਿਚ ਭਾਰਤੀ
87 ਪੁਰਸ਼ ਅਤੇ 5 ਮਹਿਲਾਵਾਂ ਇਸ ਵੇਲੇ ਵੱਖ-ਵੱਖ ਜੇਲ੍ਹਾਂ ਦੇ ਵਿਚ ਸਜ਼ਾ ਪ੍ਰਾਪਤ ਕਰ ਰਹੇ ਹਨ
-55 ਫੀਜ਼ੀ ਇੰਡੀਅਨ ਵੀ ਹਨ ਜ਼ੇਲ੍ਹਾਂ ਵਿਚ
-ਜਿਨਸੀ ਸੋਸ਼ਣ ਤੇ ਹਿੰਸਾ ਵਾਲੇ ਮਾਮਲਿਆਂ ’ਚ ਗਿਣਤੀ ਜਿਆਦਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 4 ਜੁਲਾਈ 2025-ਅਪਰਾਧ ਚਾਹੇ ਛੋਟਾ ਹੋਵੇ ਜਾਂ ਬੜਾ ਦੋਸ਼ੀ ਵਿਅਕਤੀ ਅਪਰਾਧੀ ਦੀ ਸ਼੍ਰੇਣੀ ਵਿਚ ਆ ਜਾਂਦਾ ਹੈ ਅਤੇ ਇਹ ਅਪਰਾਧ ਉਸਦੇ ਜੀਵਨ ਚਰਿੱਤਰ ਦੇ ਕੋਰੇ ਵਰਕੇ ਉਤੇ ਕਾਲੇ ਅੱਖਰਾਂ ਵਿਚ ਵੀ ਉਕਰਿਆ ਜਾਂਦਾ ਹੈ।
ਜ਼ੇਲ੍ਹ ਵਿਭਾਗ ਦੇ ਨਾਲ ‘ਆਫੀਸ਼ੀਅਲ ਇਨਫਰਮੇਸ਼ਨ ਐਕਟ 1982’ ਦੇ ਤਹਿਤ ਰਾਬਤਾ ਕਾਇਮ ਕਰਕੇ ਕੁਝ ਤੱਕ ਇਕੱਤਰ ਕੀਤੇ ਗਏ ਹਨ ਜੋ ਕਿ ਭਾਰਤੀ ਮੂਲ ਦੇ ਲੋਕਾਂ ਦਾ ਚੰਗੇ ਸ਼ਹਿਰੀ ਹੋਣ ਵਾਲਾ ਚਮਕਦਾ ਪਾਸਾ ਧੁੰਦਲਾ ਵੀ ਕਰਦੇ ਹਨ। 31 ਮਈ 2025 ਤੱਕ ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 92 ਅਜਿਹੇ ਲੋਕ ਹਨ ਜਿਨ੍ਹਾਂ ਦੀ ਮੂਲ ਪਛਾਣ ਭਾਰਤੀ ਦਰਜ ਕੀਤੀ ਗਈ ਹੈ, ਜਦੋਂ ਕਿ 55 ਲੋਕ ਫਿਜ਼ੀਅਨ ਭਾਰਤੀ ਮੂਲ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 10 ਭਾਰਤੀ ਮੂਲ ਦੇ ਲੋਕ ਉਮਰ ਭਰਦੀ ਸਜ਼ਾ ਭੋਗ ਰਹੇ ਅਤੇ ਹੈ ਅਤੇ 11 ਫੀਜ਼ੀਅਨ ਭਾਰਤੀ ਉਮਰ ਭਰ ਦੀ ਸਜ਼ਾ ਭੋਗ ਰਹੇ ਹਨ।
ਇਹ ਦੱਸਣਾ ਮਹੱਤਵਪੂਰਨ ਹੈ ਕਿ ਜੇਲ੍ਹਾਂ ਵਿੱਚ ਦਾਖਲ ਹੋਣ ਵੇਲੇ ਲੋਕਾਂ ਲਈ ਆਪਣੀ ਨਾਗਰਿਕਤਾ ਜਾਂ ਨਸਲੀ ਪਛਾਣ ਦੱਸਣੀ ਲਾਜ਼ਮੀ ਨਹੀਂ ਹੁੰਦੀ, ਪਰ ਉਨ੍ਹਾਂ ਨੂੰ ਇਹ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਸੁਧਾਰ ਵਿਭਾਗ ਦੇ ਕਰਮਚਾਰੀਆਂ ਨੂੰ ਜਦੋਂ ਕਿਸੇ ਵਿਅਕਤੀ ਦੀ ਨਾਗਰਿਕਤਾ ਜਾਂ ਕੌਮੀਅਤ ਬਾਰੇ ਪਤਾ ਲੱਗਦਾ ਹੈ, ਤਾਂ ਇਹ ਜਾਣਕਾਰੀ ਰਿਕਾਰਡ ਕੀਤੀ ਜਾਂਦੀ ਹੈ ਪਰ ਇਸਦੀ ਤਸਦੀਕ ਨਹੀਂ ਕੀਤੀ ਜਾਂਦੀ।
ਉਮਰ ਅਤੇ ਲਿੰਗ ਅਨੁਸਾਰ ਵੇਰਵੇ: ਪੁਰਸ਼ਾਂ ਦੇ ਵਿਚ ਉਮਰ 20-24 ਸਾਲ ਵਾਲੇ 5, 25-29 ਸਾਲ ਵਾਲੇ 14, 30-39 ਸਾਲ ਵਾਲੇ 36 (ਜਿਨ੍ਹਾਂ ਵਿੱਚੋਂ 6 ਭਾਰਤੀ ਨਾਗਰਿਕ ਹਨ), 40-49 ਸਾਲ ਵਾਲੇ 18 (ਜਿਨ੍ਹਾਂ ਵਿੱਚੋਂ 3 ਭਾਰਤੀ ਨਾਗਰਿਕ ਹਨ), 50-59 ਸਾਲ ਦੇ 15 (ਜਿਨ੍ਹਾਂ ਵਿੱਚੋਂ 1 ਭਾਰਤੀ ਨਾਗਰਿਕ ਹੈ), 60 ਅਤੇ ਵੱਧ ਵਾਲੇ 4 ਵਿਅਕਤੀ ਜ਼ੇਲ੍ਹਾਂ ਵਿਚ ਹਨ। ਫੀਜ਼ੀਅਨ ਮੂਲ ਦੇ 20-24 ਸਾਲ ਦੇ: 3, 25-29 ਸਾਲ ਦੇ 8, 30-39 ਸਾਲ 17, 40-49 ਸਾਲ ਦੇ 17, 50-59 ਸਾਲ 7 ਅਤੇ 60 ਅਤੇ ਵੱਧ ਵਾਲੇ 3 ਹਨ। ਭਾਰਤੀ ਮੂਲ ਦੀਆਂ 5 ਔਰਤਾਂ ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਦੋਂ ਕਿ ਫਿਜੀਅਨ ਭਾਰਤੀ ਮੂਲ ਦੀ ਕੋਈ ਔਰਤ ਦਰਜ ਨਹੀਂ ਕੀਤੀ ਗਈ।
ਅਪਰਾਧ ਦੀਆਂ ਕਿਸਮਾਂ:
ਜਿਨਸੀ ਅਪਰਾਧ ਵਿਚ 37 ਭਾਰਤੀ, ਹਿੰਸਾ ਦੇ ਵਿਚ 28, ਨਸ਼ਿਆਂ ਵਿਚ 9, ਬੇਈਮਾਨੀ ਦੇ ਵਿਚ 6, ਚੋਰੀ ਦੇ ਵਿਚ 3, ਗੈਰ ਕਾਨੂੁੰਨੀ ਹਥਿਆਰ ਰੱਖਣ ਵਿਚ 2, ਨਿਯਮਾਂ ਦੀ ਉਲੰਘਣਾ 1, ਜਾਇਦਾਦ 1, ਟਰੈਫਿਕ 1 ਅਤੇ ਹੋਰ ਅਪਰਾਧਾਂ ਦੇ ਵਿਚ 4 ਲੋਕ ਸ਼ਾਮਿਲ ਹਨ।
ਇਸੇ ਤਰ੍ਹਾਂ ਫੀਜ਼ੀ ਇੰਡੀਅਨ ਵੀ ਜਿਨਸੀ ਅਪਰਾਧ ਵਿਚ 9, ਹਿੰਸਾ ਦੇ ਵਿਚ 24, ਨਸ਼ਿਆਂ ਵਿਚ 3, ਬੇਈਮਾਨੀ ਦੇ ਵਿਚ 5, ਚੋਰੀ ਦੇ ਵਿਚ 7, ਹਥਿਆਰ ਰੱਖਣ ਵਿਚ 1, ਨਿਯਮਾਂ ਦੀ ਉਲੰਘਣਾ 0, ਜਾਇਦਾਦ 0, ਟਰੈਫਿਕ 3 ਅਤੇ ਹੋਰ ਅਪਰਾਧਾਂ ਦੇ ਵਿਚ 3 ਲੋਕ ਸ਼ਾਮਿਲ ਹਨ।
ਸਿੰਘ ਅਤੇ ਕੌਰ ਸਰਨੇਮ ਵਾਲੇ ਕੈਦੀ:
ਭਾਰਤੀ ਮੂਲ ਦੇ 31 ਲੋਕਾਂ ਦਾ ਸਰਨੇਮ ਸਿੰਘ ਜਾਂ ਕੌਰ ਦੇ ਅਧੀਨ ਆਉਂਦਾ ਹੈ। ਹੈ। ਵਿਅਕਤੀਗਤ ਗੋਪਨੀਯਤਾ ਦੀ ਸੁਰੱਖਿਆ ਲਈ ਇਨ੍ਹਾਂ ਦੇ ਸਹੀ ਅੰਕੜੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਹ ਅੰਕੜੇ ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਦੀ ਇੱਕ ਝਲਕ ਪੇਸ਼ ਕਰਦੇ ਹਨ।
ਪਹਿਲੀ ਜੇਲ੍ਹ ਸਜ਼ਾ:
ਸੁਧਾਰ ਵਿਭਾਗ ਅਨੁਸਾਰ, ਨਿਊਜ਼ੀਲੈਂਡ ਵਿੱਚ ਭਾਰਤੀ ਨਾਗਰਿਕ ਵਜੋਂ ਪਛਾਣੇ ਗਏ ਵਿਅਕਤੀ ਦੀ ਸਭ ਤੋਂ ਪਹਿਲੀ ਜੇਲ੍ਹ ਸਜ਼ਾ ਦਾ ਰਿਕਾਰਡ ਸਤੰਬਰ 1972 ਵਿੱਚ ਦਰਜ ਕੀਤਾ ਗਿਆ ਸੀ। ਹਾਲਾਂਕਿ, ਇਹ ਸਭ ਤੋਂ ਪੁਰਾਣਾ ਇਲੈਕਟਰਾਨਿਕ ਰਿਕਾਰਡ ਹੋ ਸਕਦਾ ਹੈ।