ਲੁਧਿਆਣਾ ਕਰਾਇਮ ਬ੍ਰਾਂਚ ਦੀ ਵੱਡੀ ਕਾਰਵਾਈ; ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ
ਸੁਖਮਿੰਦਰ ਭੰਗੂ
ਲੁਧਿਆਣਾ 24 ਜਨਵਰੀ 2026- ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਵਿੱਢੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਨਸ਼ਾ ਤਸਕਰਾਂ ਦੀ ਕਮਰ ਤੋੜਦਿਆਂ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ (IPS) ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਹੇਠ ਕਰਾਇਮ ਬ੍ਰਾਂਚ ਦੀ ਟੀਮ ਨੇ ਇੱਕ ਦੋਸ਼ੀ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਪਾਈ ਹੈ। ਦੋਸ਼ੀ ਦੀ ਪਛਾਣ ਆਸ਼ੀਸ਼ ਪਾਰਚ ਪੁੱਤਰ ਜਗਪਾਲ ਵਾਸੀ ਸੰਜੇ ਗਾਂਧੀ ਕਲੋਨੀ, ਲੁਧਿਆਣਾ ਵਜੋਂ ਹੋਈ। ਜਿਸ ਪਾਸੋ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
DCP (ਇੰਨਵੈਸਟੀਗੇਸ਼ਨ) ਹਰਪਾਲ ਸਿੰਘ, ADCP ਅਮਨਦੀਪ ਸਿੰਘ ਬਰਾੜ ਅਤੇ ACP ਦੀਪਕਰਨ ਸਿੰਘ ਦੀ ਸੁਚੱਜੀ ਅਗਵਾਈ ਹੇਠ, ਇੰਸਪੈਕਟਰ ਨਵਦੀਪ ਸਿੰਘ (ਇੰਚਾਰਜ ਕਰਾਇਮ ਬ੍ਰਾਂਚ) ਦੀ ਟੀਮ ਇਲਾਕੇ ਵਿੱਚ ਸਰਗਰਮ ਸੀ। ਚੈਕਿੰਗ ਦੌਰਾਨ ASI ਧਨਵੰਤ ਸਿੰਘ ਨੂੰ ਮਿਲੀ ਇੱਕ ਗੁਪਤ ਅਤੇ ਪੁਖ਼ਤਾ ਇਤਲਾਹ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੈਕਟਰ-32 ਨੇੜੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਉਸ ਵੇਲੇ ਦਬੋਚ ਲਿਆ ਜਦੋਂ ਉਹ ਗਾਹਕ ਦੀ ਉਡੀਕ ਕਰ ਰਿਹਾ ਸੀ।
ਜਿਸ ਤੇ ਐਫ.ਆਈ.ਆਰ (FIR): ਨੰਬਰ 34, ਥਾਣਾ ਡਵੀਜ਼ਨ ਨੰਬਰ 07 (ਧਾਰਾ 21/61/85 NDPS ਐਕਟ)ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਸ ਨੂੰ ਵੇਚਿਆ ਜਾਣਾ ਸੀ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਨਾਲ ਜੁੜੇ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।