Babushahi Special ‘ਆਈਸ ਮੈਨ’ ਵਜੋਂ ਸੁਰਖੀਆਂ ਬਣਿਆ ਰਿਹਾ ਕੌਮਾਂਤਰੀ ਡਰੱਗ ਤਸਕਰ ‘ਰਾਜਾ ਕੰਦੋਲਾ’
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2026: ਮੁਲਕ ਦੀ ਆਰਥਿਕ ਰਾਜਧਾਨੀ ਵਜੋਂ ਜਾਣੀ ਜਾਂਦੀ ‘ਮੁੰਬਈ’ ’ਚ ਦਿਲ ਦਾ ਦੌਰਾ ਪੈਣ ਨਾਲ ਮਾਰੇ ਗਏ ਕੌਮਾਂਤਰੀ ਡਰੱਗ ਤਸਕਰ ਰਾਜਾ ਕੰਦੋਲਾ ਦਾ ਨਾਮ ਕਦੇ ‘ਆਈਸ ਮੈਨ’ ਵਜੋਂ ਚਰਚਿਤ ਰਿਹਾ ਸੀ। ਰਾਜਾ ਕੰਦੋਲਾ ਦਾ ਅਸਲ ਨਾਮ ਰਣਜੀਤ ਸਿੰਘ ਹੈ ਅਤੇ ਉਹ ਮੂਲ ਰੂਪ ਵਿੱਚ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਦਾ ਰਹਿਣ ਵਾਲਾ ਸੀ। ਉਸ ਦਾ ਨਾਮ ਪੰਜਾਬ ਦੇ ਸਭ ਤੋਂ ਵੱਧ ਚਰਚਿਤ ਡਰੱਗ ਤਸਕਰਾਂ ਚੋਂ ਇੱਕ ਮੰਨਿਆ ਜਾਂਦਾ ਸੀ। ਜਦੋਂ ਪੰਜਾਬ ਪੁਲਿਸ ਨੇ ਰਾਜਾ ਕੰਦੋਲਾ ਨੂੰ ਡਰੱਗ ਤਸਕਰੀ ਸਬੰਧੀ ਗ੍ਰਿਫਤਾਰ ਕੀਤਾ ਸੀ ਤਾਂ ਇਹ ਮਾਮਲਾ ਕੌਮੀ ਅਤੇ ਵਿਸ਼ਵ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਪੰਜਾਬ ਪੁਲਿਸ ਹਲਕਿਆਂ ’ਚ ਉਦੋਂ ਤੱਕ ਨਾਮੀ ਡਰੱਗ ਤਸਕਰਾਂ ’ਚ ਸ਼ੁਮਾਰ ਹੋਣ ਲੱਗੇ ਰਾਜਾ ਕੰਦੋਲਾ ਦੀ ਗ੍ਰਿਫਤਾਰੀ ਨੂੰ ਬੇਹੱਦ ਵੱਡੀ ਉਪਲਬਧੀ ਮੰਨਿਆ ਗਿਆ ਸੀ।
ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਦਾ ਨਾਮ ਪਹਿਲੀ ਵਾਰ ਜੂਨ 2012 ਦੌਰਾਨ ਸੁਰਖੀਆਂ ਵਿੱਚ ਆਇਆ ਜਦੋਂ ਪੰਜਾਬ ਪੁਲਿਸ ਵੱਲੋਂ 200 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਮੌਕੇ ਉਹ ਗ੍ਰਿਫਤਾਰੀ ਤੋਂ ਬਚਣ ਲਈ ਦਿੱਲੀ ਭੱਜ ਗਿਆ, ਪਰ ਅਗਸਤ 2012 ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਸੀ। ਪੁਲਿਸ ਰਿਕਾਰਡ ਅਨੁਸਾਰ ਰਣਜੀਤ ਸਿੰਘ ਰਾਜਾ ਕੰਦੋਲਾ ਨੂੰ ਪੰਜਾਬ ਵਿੱਚ ’ਆਈਸ ਮੈਨ’ ਵਜੋਂ ਵੀ ਜਾਣਿਆ ਜਾਂਦਾ ਹੈ ਜੋਕਿ ਸਿੰਥੈਟਿਕ ਨਸ਼ਿਆਂ (ਜਿਵੇਂ ਆਈਸ ਜਾਂ ਮੈਥਾਮਫੇਟਾਮਾਈਨ) ਦੇ ਗੈਰ-ਕਾਨੂੰਨੀ ਵਪਾਰ ਦਾ ਮਾਸਟਰਮਾਈਂਡ ਸੀ। ਪੁਲਿਸ ਅਨੁਸਾਰ ਰਾਜਾ ਨੇ ਮੈਥਾਮਫੇਟਾਮਾਈਨ (ਆਈਸ) ਅਤੇ ਹੋਰ ਨਸ਼ੀਲੇ ਪਦਾਰਥ ਬਣਾਉਣ ਲਈ ਦਿੱਲੀ ਅਤੇ ਪੰਜਾਬ ਵਿੱਚ ਗੈਰ-ਕਾਨੂੰਨੀ ਲੈਬਾਂ ਸਥਾਪਿਤ ਕੀਤੀਆਂ ਸਨ ਅਤੇ ਉਹ ਦਿੱਲੀ ਤੋਂ ਕੱਚਾ ਮਾਲ ਲਿਆਉਂਦਾ ਜਿਸ ਨੂੰ ਸੋਧਣ ਤੋਂ ਬਾਅਦ ਵਿਦੇਸ਼ਾਂ ਵਿੱਚ ਸਪਲਾਈ ਕਰਦਾ ਸੀ।
ਪੁਲਿਸ ਅਨੁਸਾਰ ਇਸ ਦੌਰਾਨ ਰਾਜਾ ਕੰਦੋਲਾ ਦੀ ਪਤਨੀ ਅਤੇ ਲੜਕੇ ਤੇ ਵੀ ਡਰੱਗ ਤਸਕਰੀ ਦੇ ਦੋਸ਼ ਲੱਗੇ ਸਨ । ਇੱਕ ਵਿਸ਼ੇਸ਼ ਅਦਾਲਤ ਨੇ 200 ਕਰੋੜ ਡਰੱਗ ਤਸਕਰੀ ਦੇ ਮਾਮਲੇ ਵਿੱਚ ਰਾਜਾ ਕੰਦੋਲਾ ਨੂੰ 9 ਸਾਲ ਅਤੇ ਉਸ ਦੀ ਪਤਨੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮੌਕੇ ਇੱਕ ਹੋਰ ਮਹਿਲਾ ਦੀ ਵੀ ਚਰਚਾ ਹੋਈ ਜਿਸ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਰਾਜਾ ਕੰਦੋਲਾ ਦੇ ਹੋਰ ਕਾਰੋਬਾਰਾਂ ਦੀ ਦੇਖ ਰੇਖ ਕਰਦੀ ਹੈ। ਰਾਜਾ ਨੂੰ ਦਿੱਲੀ ਨਾਲ ਸਬੰਧਤ ਡਰੱਗ ਕੇਸ ਵਿੱਚ 15 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ। ਰਾਜਾ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਜਦੋਂਕਿ ਦੋ ਹੋਰਨਾਂ ਵਿੱਚ ਬਰੀ ਹੋਇਆ ਸੀ। ਜੇਲ੍ਹ ’ਚ ਛੁੱਟਣ ਤੋਂ ਬਾਅਦ ਉਹ ਮੁੰਬਈ ਵਸ ਗਿਆ ਜਿੱਥੇ ਦਿਲ ਦੇ ਦੌਰੇ ਕਾਰਨ ਉਸ ਦੀ ਮੌਤ ਹੋ ਗਈ ।
ਵਿਦੇਸ਼ੀਂ ਵੀ ਰਿਹਾ ਰਾਜਾ ਕੰਦੋਲਾ
ਪੁਲਿਸ ਵਿਚਲੇ ਸੂਤਰਾਂ ਅਨੁਸਾਰ ਇਸ ਸਭ ਤੋਂ ਪਹਿਲਾਂ ਰਾਜਾ ਕੰਦੋਲਾ ਲੰਮੇ ਸਮੇ ਤੱਕ ਅਮਰੀਕਾ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਵਿੱਚ ਰਿਹਾ ਸੀ ਜਿੱਥੇ ਉਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ ਖੜ੍ਹਾ ਕਰਨ ’ਚ ਸਫਲਤਾ ਹਾਸਲ ਕਰ ਲਈ । ਪੰਜਾਬ ਵਾਪਿਸ ਆਉਣ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਇੱਕ ਵੱਡੇ ਫਾਰਮ ਹਾਊਸ ਦੇ ਮਾਲਕ ਵਜੋਂ ਸਥਾਪਿਤ ਕਰ ਲਿਆ। ਹਾਲਾਂਕਿ ਉਹ ਖੁਦ ਨੂੰ ਡਰੱਗ ਤਸਕਰੀ ਦਾ ਕਿੰਗ ਪਿੰਨ ਅਤੇ ਪੁਲਿਸ ਲਈ ਚੁਣੌਤੀ ਮੰਨਦਾ ਸੀ ਪਰ ਉਦੋਂ ਇੱਕ ਵੱਡੇ ਪੁਲਿਸ ਅਧਿਕਾਰੀ ਨੇ ਉਸ ਨੂੰ ਦਬੋਚ ਕੇ ਹੀ ਸਾਹ ਲਿਆ।
ਭੋਲਾ ਕੇਸ ਨਾਲ ਵੀ ਜੁੜਿਆ ਨਾਂ
ਕੌਮਾਂਤਰੀ ਡਰੱਗ ਤਸਕਰ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਦਾ ਨਾਮ ਸ਼ੁਰੂਆਤੀ ਦੌਰ ਦੌਰਾਨ ਜਗਦੀਸ਼ ਭੋਲਾ ਨਾਲ ਸਬੰਧਤ ਹਾਈ ਪ੍ਰੋਫਾਈਲ ਡਰੱਗ ਮਾਮਲੇ ਨਾਲ ਵੀ ਜੁੜਿਆ ਸੀ। ਉਦੋਂ ਜਾਂਚ ਏਜੰਸੀਆਂ ਜਗਦੀਸ਼ ਭੋਲਾ ਨੂੰ ਵੱਡੇ ਡਰੱਗ ਨੈਟਵਰਕ ਦੀ ਮੁੱਖ ਕੜੀ ਮੰਨਦੀਆਂ ਰਹੀਆਂ ਸਨ। ਆਈਸ ਡਰੱਗ ਤਸਕਰੀ ਮਾਮਲਿਆਂ ’ਚ ਤਾਂ ਰਾਜਾ ਕੰਦੋਲਾ ਦਾ ਨਾਂ ਕਈ ਵਾਰ ਸਾਹਮਣੇ ਆਇਆ ਸੀ। ਰਾਜਾ ਕੰਦੋਲਾ ਖਿਲਾਫ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ’ਚ ਵੀ ਕਾਫੀ ਮੁਕੱਦਮੇ ਦਰਜ ਹੋਏ ਸਨ ਜਦੋਂਕਿ ਕਈ ਮਾਮਲਿਆਂ ’ਚ ਉਹ ਬਰੀ ਵੀ ਹੋਇਆ ਸੀ। ਸੂਤਰ ਦੱਸਦੇ ਹਨ ਕਿ ਰਾਜਾ ਕੰਦੋਲਾ ਮੁੰਬਈ ਚੋਂ ਵੀ ਆਪਣਾ ਧੰਦਾ ਚਲਾਉਂਦਾ ਰਿਹਾ ਹੈ।
ਲੁਧਿਆਣਾ ਮਾਮਲੇ ’ਚ ਬਰੀ ਹੋਇਆ
ਲੁਧਿਆਣਾ ਦੇ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ ’ਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਅਤੇ ਉਸ ਦੇ ਸਾਥੀ ਨੂੰ ਨਵੰਬਰ 2024 ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ ਕਰਦਿਆਂ ਪੰਜਾਬ ਪੁਲਿਸ ਨੂੰ ਮਾਮਲੇ ਦੀ ਢੁੱਕਵੀਂ ਜਾਂਚ ਦੇ ਆਦੇਸ਼ ਦਿੱਤੇ ਸਨ । ਦੱਸ ਦੇਈਏ ਕਿ 24 ਅਕਤੂਬਰ 2017 ਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ’ਚ ਪੰਜ ਕਿਲੋ ਹੈਰੋਇਨ ਦੀ ਕਥਿਤ ਬਰਾਮਦਗੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ ।
ਮੁੰਬਈ ’ਚ ਅੰਤਿਮ ਸਸਕਾਰ
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਰਾਜਾ ਕੰਦੋਲਾ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਹੀ ਕੀਤਾ ਜਾਵੇਗਾ। ਰਾਜਾ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਉਨ੍ਹਾਂ ਦੀ ਮ੍ਰਿਤਕ ਦੇਹ ਮੁੰਬਈ ਸਥਿਤ ਆਪਣੇ ਘਰ ਲੈ ਗਏ।