ਪੰਜਾਬੀ ਅਤੇ ਪਰਵਾਸੀ ਜਥੇਬੰਦੀਆਂ ਨੇ ਕੀਤੀ ਸਾਂਝੀ ਮੀਟਿੰਗ, ਨਫਰਤੀ ਅੱਗ ਭੜਕਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 18 ਸਤੰਬਰ,2025- ਅੱਜ ਸਥਾਨਕ ਬਾਰਾਦਰੀ ਬਾਗ ਵਿਚ ਜਿਲੇ ਦੀਆਂ ਲੋਕ ਪੱਖੀ ਜਥੇਬੰਦੀਆਂ ਨੇ ਮੀਟਿੰਗ ਕਰਕੇ ਕੁੱਝ ਧਿਰਾਂ ਵਲੋਂ ਸਿਰਜੇ ਜਾ ਰਹੇ ਪੰਜਾਬੀ ਬਨਾਮ ਪਰਵਾਸੀ ਬਿਰਤਾਂਤ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਨਫਰਤੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਮੀਟਿੰਗ ਵਿੱਚ ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਪੰਜ ਸਾਲਾ ਬਾਲਕ ਦੇ ਕਤਲ ਦੀ ਸਖਤ ਨਿੰਦਾ ਕਰਦਿਆਂ ਕਾਤਲ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।ਆਗੂਆਂ ਨੇ ਆਖਿਆ ਕਿ ਕੁਝ ਲੋਕ ਵਿਰੋਧੀ ਤਾਕਤਾਂ ਪੰਜਾਬ ਵਿਚ ਨਫਰਤ ਦੇ ਭਾਂਬੜ ਬਾਲਣ ਲਈ ਸਰਗਰਮ ਹਨ ਜਿਹਨਾਂ ਨੇ ਪਰਵਾਸੀਆਂ ਵਿਰੁੱਧ ਜ਼ਹਿਰ ਉਗਲਣਾ ਆਪਣਾ ਮਿਸ਼ਨ ਬਣਾ ਲਿਆ ਹੈ ਜਿਸਨੂੰ ਉਹ ਪੂਰੇ ਯੋਜਨਾਬੱਧ ਤਰੀਕੇ ਨਾਲ਼ ਸੋਸ਼ਲ ਮੀਡੀਆ ਉੱਤੇ ਘੁੰਮਾ ਰਹੇ ਹਨ।ਅਜਿਹਾ ਕਰਕੇ ਉਹ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਅਤੇ ਦੂਸਰੇ ਪੰਜਾਬੀਆਂ ਲਈ ਕੰਡੇ ਬੀਜ ਰਹੇ ਹਨ।
ਆਗੂਆਂ ਨੇ ਆਖਿਆ ਕਿ ਕਿਸੇ ਵੀ ਅਪਰਾਧੀ ਨੂੰ ਕੀਤੇ ਅਪਰਾਧ ਦੀ ਸਜਾ ਜਰੂਰ ਮਿਲਣੀ ਚਾਹੀਦੀ ਹੈ ਪਰ ਇਕ ਅਪਰਾਧੀ ਵਲੋਂ ਕੀਤੇ ਗਏ ਅਪਰਾਧ ਦੇ ਬਦਲੇ ਕਿਸੇ ਵੀ ਸਮੁੱਚੇ ਭਾਈਚਾਰੇ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਲੱਖਾਂ ਪਰਵਾਸੀ ਪੰਜਾਬ ਵਿਚ ਪੱਕੇ ਤੌਰ ਉੱਤੇ ਵਸ ਗਏ ਹਨ ਅਤੇ ਉਹਨਾਂ ਨੇ ਆਪਣੇ ਘਰ ਬਣਾ ਲਏ ਹਨ।ਉਹਨਾਂ ਕਿਹਾ ਕਿ ਪਰਵਾਸ ਹਮੇਸ਼ਾ ਘੱਟ ਖੁਸ਼ਹਾਲ ਸੂਬਿਆਂ ਅਤੇ ਦੇਸ਼ਾਂ ਵਿਚੋਂ ਵਧ ਵਿਕਸਤ ਅਤੇ ਖੁਸ਼ਹਾਲ ਸੂਬਿਆਂ ਅਤੇ ਦੇਸ਼ਾਂ ਵਲ ਹੁੰਦਾ ਹੈ।ਜਿਵੇਂ ਪੰਜਾਬ ਤੋਂ ਲੋਕ ਪਰਵਾਸ ਕਰਕੇ ਵੱਧ ਵਿਕਸਿਤ ਦੇਸ਼ਾਂ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਲ ਜਾਂਦੇ ਹਨ ਇਸੇ ਤਰ੍ਹਾਂ ਬਿਹਾਰ, ਯੂ.ਪੀ,ਮੱਧ ਪ੍ਰਦੇਸ਼, ਉੜੀਸਾ ਆਦਿ ਸੂਬਿਆਂ ਤੋਂ ਲੋਕ ਪੰਜਾਬ ਵਲ ਪਰਵਾਸ ਕਰਦੇ ਹਨ।ਪਰਵਾਸ ਨੂੰ ਕਿਸੇ ਦੀ ਇੱਛਾ ਅਨੁਸਾਰ ਨਹੀਂ ਰੋਕਿਆ ਜਾ ਸਕਦਾ ,ਇਹ ਪੰਜਾਬੀਆਂ ਅਤੇ ਪਰਵਾਸੀਆਂ ਦੀਆਂ ਜਮੀਨੀ ਹਕੀਕਤ ਦੀਆਂ ਲੋੜਾਂ ਉੱਤੇ ਨਿਰਭਰ ਕਰਦਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਸਨਅਤੀ ਖੇਤਰ,ਖੇਤੀ ਖੇਤਰ, ਉਸਾਰੀ ਖੇਤਰ ਅਤੇ ਹੋਰ ਖੇਤਰਾਂ ਦੀ ਤਰੱਕੀ ਵਿਚ ਪਰਵਾਸੀਆਂ ਦੀ ਕਿਰਤ ਸ਼ਕਤੀ ਦਾ ਵੀ ਵੱਡਾ ਯੋਗਦਾਨ ਹੈ।
ਪਰਵਾਸੀਆਂ ਤੋਂ ਬਗੈਰ ਪੰਜਾਬ ਦੀ ਆਰਥਿਕਤਾ ਲੰਗੜੀ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਪਰਵਾਸੀਆਂ ਉੱਤੇ ਪੰਜਾਬੀ ਸੱਭਿਆਚਾਰ ਨੂੰ ਵਿਗਾੜਨ ਦੇ ਦੋਸ਼ ਲਾ ਰਹੀਆਂ ਹਨ ਉਹਨਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪਰਵਾਸੀਆਂ ਦੀ ਨਵੀਂ ਪੀੜ੍ਹੀ ਦੀ ਰੂਹ ਨਾਲ ਇਕਮਿਕ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਲਹੂ ਵਿੱਚ ਰਚ ਚੁੱਕਾ ਹੈ। ਪੰਜਾਬ ਦੀ ਮਿੱਟੀ ਦੇ ਮੋਹ ਵਿਚ ਉਹ ਪੂਰੀ ਤਰ੍ਹਾਂ ਭਿੱਜ ਚੁੱਕੇ ਹਨ।ਉਹਨਾਂ ਕਿਹਾ ਕਿ ਪੰਚਾਇਤਾਂ ਵਲੋਂ ਪਰਵਾਸੀਆਂ ਦੇ ਪਛਾਣ ਪੱਤਰ ਲੈਣ ਅਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹਨਾਂ ਨੂੰ ਆਪਣੇ ਕਾਰੋਬਾਰ ਕਰਨ,ਜਾਇਦਾਦ ਖ੍ਰੀਦਣ,ਵੋਟਾਂ ਅਤੇ ਅਧਾਰ ਕਾਰਡ ਬਣਾਉਣ ਦਾ ਅਧਿਕਾਰ ਉਹਨਾਂ ਦਾ ਸੰਵਿਧਾਨਕ ਹੱਕ ਹੈ ਜੋ ਬਰਕਰਾਰ ਰਹਿਣਾ ਚਾਹੀਦਾ ਹੈ।
ਮੀਟਿੰਗ ਵਿਚ 23 ਸਤੰਬਰ ਨੂੰ ਨਵਾਂਸ਼ਹਿਰ ਵਿਚ ਪੰਜਾਬੀਆਂ ਅਤੇ ਪਰਵਾਸੀਆਂ ਦਾ ਸਾਂਝਾ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ।ਇਹ ਮਾਰਚ ਬੱਸ ਅੱਡਾ ਨਵਾਂਸ਼ਹਿਰ ਤੋਂ ਚੱਲਕੇ ਸ਼ਹਿਰ ਦੇ ਅਹਿਮ ਰਾਹਾਂ ਤੋਂ ਲੰਘੇਗਾ।ਇਹ ਮਾਰਚ ਪੰਜਾਬੀਆਂ ਅਤੇ ਪਰਵਾਸੀਆਂ ਦੀ ਸਾਂਝ ਨੂੰ ਹੋਰ ਪਕੇਰਾ ਕਰੇਗਾ। ਇਸ ਮੀਟਿੰਗ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ,ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰ ਯੂਨੀਅਨ ਦੇ ਆਗੂਆਂ ਗੋਪਾਲ ਚੌਹਾਨ, ਮੁਕੇਸ਼ ਝਾਅ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਸ਼ਿਵ ਨੰਦਨ ਕੁਮਾਰ, ਓਮ ਪ੍ਰਕਾਸ਼,ਜੁਗਾੜੂ ਰੇਹੜਾ ਯੂਨੀਅਨ ਦੇ ਆਗ ਮਨੀਸ਼ ਕੁਮਾਰ, ਨਿਊ ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ,ਡਾਕਟਰ ਅੰਬੇਡਕਰ ਐਜੂਕੇਸ਼ਨਲ ਵੈਲਫੇਅਰ ਟਰੱਸਟ ਨਵਾਂਸ਼ਹਿਰ ਦੇ ਪ੍ਰਧਾਨ ਸਤੀਸ਼ ਲਾਲ, ਜੇਪੀਐਮਓ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਗੁਲਾਟੀ, ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਸੰਬੋਧਨ ਕੀਤਾ।