Big News ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏ ਕੇ ਕਲਾਂ 'ਚ ਚੱਲੀਆਂ ਗੋਲੀਆਂ ਤੇ ਇੱਟਾਂ ਰੋੜੇ ਪੁਲਿਸ ਮੁਲਾਜ਼ਮਾਂ ਦੇ ਸਿਰ ਫੋੜ੍ਹੇ
ਅਸ਼ੋਕ ਵਰਮਾ
ਬਠਿੰਡਾ , 18 ਸਤੰਬਰ 2025: ਬਠਿੰਡਾ ਜਿਲ੍ਹੇ ਦੇ ਪਿੰਡ ਰਾਏਕੇ ਕਲਾਂ ’ਚ ਅੱਜ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਹੋਈਆਂ ਤਿੱਖੀਆਂ ਝੜਪਾਂ ਤੋਂ ਬਾਅਦ ਬਣੀ ਸਥਿਤੀ ਨੂੰ ਕਾਬੂ ਕਰਨ ਲਈ ਮੌਕੇ ਤੇ ਗਈ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਦੀ ਜਬਰਦਸਤ ਕੁੱਟਮਾਰ ਕੀਤੀ ਗਈ। ਕੁੱਟਮਾਰ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਤੋਂ ਇਲਾਵਾ ਕੁੱਝ ਪੁਲਿਸ ਮੁਲਾਜਮ ਵੀ ਸ਼ਾਮਲ ਹਨ। ਇਸ ਦੌਰਾਨ ਗੰਭੀਰ ਜਖਮੀ ਪੁਲਿਸ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਜ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਹਸਪਤਾਲ ਵਿੱਚ ਜਖਮੀ ਪੁਲਿਸ ਮੁਲਾਜਮਾਂ ਦਾ ਹਾਲਚਾਲ ਪੁੱਛਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕੁੱਝ ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਿੰਡ ਰਾਏਕੇ ਕਲਾਂ ਵਿੱਚ ਸਲਾਨਾ ਜੋੜ ਮੇਲੇ ਮੌਕੇ ਦੌਰਾਨ ਦੋ ਧੜਿਆਂ ਵਿਚਕਾਰ ਇਹ ਖੂਨੀ ਝੜਪਾਂ ਹੋਈਆਂ ਹਨ ਜਿਸ ਕਰਕੇ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।
ਵੇਰਵਿਆਂ ਅਨੁਸਾਰ ਥਾਣਾ ਨੰਦਗੜ੍ਹ ਦੇ ਪਿੰਡ ਰਾਏ ਕੇ ਕਲਾਂ ਵਿਖੇ ਬਾਬਾ ਹਰੀ ਦਾਸ ਦੇ ਡੇਰੇ ’ਚ ਰਾਤੀ ਲੱਗੇ ਮੇਲੇ ਦੌਰਾਨ ਗੁੱਟਾਂ ਦੇ ਦਰਜਨਾਂ ਦੀ ਤਾਦਾਦ ਵਿੱਚ ਨੌਜ਼ਵਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਉਲਝ ਗਏ। ਇਸ ਮੌਕੇ ਹੋਈ ਤਕਰਾਰਬਾਜੀ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਤੇਜਧਾਰ ਹਥਿਆਰਾਂ ਨਾਲ ਹੱਲਾ ਬੋਲ ਦਿੱਤਾ । ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰਦਗੜ੍ਹ ਦੇ ਐਸਐਚਓ ਰਵਿੰਦਰ ਸਿੰਘ ਅਤੇ ਇੱਕ ਏਐਸਆਈ ਹਾਲਾਤਾਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੰਚ ਗਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਦੋਵੇਂ ਪੁਲਿਸ ਅਧਿਕਾਰੀ ਗੰਭੀਰ ਰੂਪ ’ਚ ਜਖਮੀ ਹੋ ਗਏ। ਪਤਾ ਲੱਗਿਆ ਹੈ ਕਿ ਇਸ ਮੌਕੇ ਪੁਲਿਸ ਨੇ ਸਵੈ ਰੱਖਿਆ ਅਤੇ ਨੌਜਵਾਨਾਂ ਦੇ ਹਜੂਮ ਨੂੰ ਤਿੱਤਰ ਬਿਤਰ ਕਰਨ ਲਈ ਲਾਠੀਚਾਰਜ ਵੀ ਕੀਤਾ ਹੈ ਅਤੇ ਹਵਾਈ ਫਾਇਰ ਵੀ ਕੀਤੇ ਹਨ।
ਜਾਣਕਾਰੀ ਅਨੁਸਾਰ ਬਾਬਾ ਹਰੀ ਦਾਸ ਦੇ ਡੇਰੇ ’ਚ ਮੇਲੇ ਮੌਕੇ ਪਿੰਡ ਲਾਲਬਾਈ ਦੇ ਕਈ ਨੌਜਵਾਨ ਪੁੱਜੇ ਸਨ ਜਿੰਨ੍ਹਾਂ ’ਚੋਂ ਸੋਨੂੰ ਨਾਂ ਦੇ ਨੌਜ਼ਵਾਨ ਦੀ ਪਿੰਡ ਦੇ ਹੀ ਇੱਕ ਨੌਜਵਾਨ ਰਾਜਾ ਸਿੰਘ ਨਾਲ ਕਿਸੇ ਗੱਲ ਨੂੰ ਲੈਕੇ ਲੜਾਈ ਹੋ ਗਈ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਇਹ ਝਗੜਾ ਖਤਰਨਾਕ ਰੂਪ ਧਾਰਨ ਕਰ ਗਿਆ ਅਤੇ ਸੋਨੂੰ ਨੇ ਰਾਜਾ ਸਿੰਘ ਦੇ ਸਿਰ ਤੇ ਤੇਜਧਾਰ ਹਥਿਆਰ ਦੇ ਵਾਰ ਕਰ ਦਿੱਤੇ। ਰਾਜਾ ਸਿੰਘ ਨੂੰ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਸੋਨੂੰ ਪਿੰਡ ’ਚ ਆਪਣੇ ਰਿਸ਼ਤੇਦਾਰ ਬਲਕਰਨ ਸਿੰਘ ਦੇ ਘਰ ’ਚ ਦਾਖਲ ਹੋ ਗਿਆ। ਇਸ ਦੌਰਾਨ ਰਾਜਾ ਸਿੰਘ ਨੇ ਗਿੱਦੜਬਾਹਾ ਤੋਂ ਆਪਣੇ ਹੋਰ ਸਾਥੀ ਮੁੰਡੇ ਪਿੰਡ ’ਚ ਸੱਦ ਲਏ । ਇਸ ਮੌਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਮੁੰਡਿਆਂ ਨੇ ਬਲਕਰਨ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਕੰਧਾਂ ਟੱਪਕੇ ਜਬਰਦਸਤੀ ਅੰਦਰ ਦਾਖਲ ਹੋਣ ਲੱਗੇ।
ਥਾਣਾ ਨੰਦਗੜ੍ਹ ਦੇ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਮੁੰਡਿਆਂ ਨੂੰ ਗੱਲਬਾਤ ਰਾਹੀਂ ਸਮਝਾਉਣ ਦੇ ਕਾਫੀ ਯਤਨ ਕੀਤੇ ਪਰ ਉਨ੍ਹਾਂ ਨੇ ਸੋਨੂੰ ਨਾਂ ਦੇ ਨੌਜਵਾਨ ਨੂੰ ਬਾਹਰ ਕੱਢਣ ਦੀ ਜਿਦ ਫੜੀ ਰੱਖੀ। ਉਨ੍ਹਾਂ ਦੱਸਿਆ ਕਿ ਇੰਜ ਜਾਪਦਾ ਸੀ ਕਿ ਇੰਨ੍ਹਾਂ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਹੈ। ਇਸ ਮੌਕੇ ਸਮਝਾਉਣ ਬੁਝਾਉਣ ਦੀਆਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਸਨ ਕਿ ਇਸ ਦੌਰਾਨ ਪਿੰਡ ਦੇ ਹੀ ਇੱਕ ਲਵਿਸ਼ ਨਾਮੀ ਮੁੰਡੇ ਵੱਲੋਂ ਲਲਕਾਰਨ ਤੇ ਮੁੰਡਿਆਂ ਦੇ ਹਜੂਮ ਨੇ ਪੁਲਿਸ ਪਾਰਟੀ ਤੇ ਇੱਟਾਂ ਰੋੜਿਆਂ, ਡਾਂਗਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਪੁਲਿਸ ਮੁਲਾਜਮ ਜਖਮੀ ਹੋਇਆ ਹੈ। ਇਸ ਮੌਕੇ ਮੁੰਡਿਆਂ ਵੱਲੋਂ ਪੁਲਿਸ ਦੀ ਸਰਕਾਰੀ ਗੱਡੀ ਦੀ ਭਾਰੀ ਭੰਨ ਤੋੜ ਕੀਤੀ ਗਈ ਅਤੇ ਇੱਕ ਬੱਸ ਤੋਂ ਇਲਾਵਾ ਇੱਕ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।
ਮੁਕੱਦਮਾ ਦਰਜ -ਕਾਰਵਾਈ ਜਾਰੀ
ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਰਾਏਕੇ ਕਲਾਂ ’ਚ ਪੁਲਿਸ ਨੂੰ ਪਤਾ ਲੱਗਾ ਸੀ ਕਿ ਮੁੰਡੇ ਹੁੱਲੜਬਾਜੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਲਿਸ ਪਾਰਟੀ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਮੌਕੇ ਹਜੂਮ ਨੇ ਪੁਲਿਸ ਤੇ ਹਮਲਾ ਕਰ ਦਿੱਤਾ। ਇਸ ਮੌਕੇ ਐਸਐਚਓ ਅਤੇ ਤਿੰਨ ਹੋਰ ਪੁਲਿਸ ਮੁਲਾਜਮ ਜਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਹਵਾਈ ਫਾਇਰ ਵੀ ਕਰਨੇ ਪਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਰਾਦਾ ਕਤਲ ਦੀਆਂ ਧਾਰਵਾਂ ਤਹਿਤ 7 ਜਣਿਆਂ ਤੇ ਨਾਵਾਂ ਸਣੇ ਅਤੇ ਕੁੱਝ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।