ਪੰਜਾਬ ਦੇ ਇਸ ਜ਼ਿਲ੍ਹੇ 'ਚ ਮੋਟਰਸਾਈਕਲ ਸਮੇਤ ਨਹਿਰ 'ਚ ਡਿੱਗਿਆ 17 ਸਾਲਾ ਨੌਜਵਾਨ, ਮੌਕੇ 'ਤੇ ਹੀ ਮੌਤ
ਬਾਬੂਸ਼ਾਹੀ ਬਿਊਰੋ
ਸੰਗਰੂਰ, 18 ਸਤੰਬਰ, 2025: ਸੰਗਰੂਰ ਦੇ ਨਦਾਮਪੁਰ ਨੇੜੇ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਇੱਕ 17 ਸਾਲਾ ਨੌਜਵਾਨ ਦੀ ਮੋਟਰਸਾਈਕਲ ਸਣੇ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਬਖੋਪੀਰ ਵਾਸੀ ਗੁਰਭਿੰਦਰ ਸਿੰਘ ਦੇ ਪੁੱਤਰ ਰੋਸ਼ਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇੜਲੇ ਪਿੰਡ ਨਮਾਦਾ ਵਿੱਚ ਲੱਗੇ ਮੇਲੇ ਤੋਂ ਆਪਣੇ ਦੋਸਤਾਂ ਨਾਲ ਵਾਪਸ ਆ ਰਿਹਾ ਸੀ, ਅਤੇ ਇਸੇ ਦੌਰਾਨ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।
ਕਿਵੇਂ ਵਾਪਰਿਆ ਹਾਦਸਾ?
ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ, ASI ਸੁਖਦੇਵ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ਼ਨ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਨਮਾਦਾ ਤੋਂ ਮੇਲਾ ਦੇਖ ਕੇ ਵਾਪਸ ਪਰਤ ਰਿਹਾ ਸੀ । ਨਦਾਮਪੁਰ ਪਿੰਡ ਨੇੜੇ ਪੁਰਾਣੇ ਪੁਲ ਤੋਂ ਨਵੇਂ ਪੁਲ ਵੱਲ ਜਾਂਦੇ ਸਮੇਂ, ਨਹਿਰ ਦੀ ਪਟੜੀ 'ਤੇ ਉਹ ਆਪਣਾ ਮੋਟਰਸਾਈਕਲ (Motorcycle) ਪਿੱਛੇ ਕਰਨ ਲੱਗਾ। ਇਸੇ ਦੌਰਾਨ, ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਸਮੇਤ ਸਿੱਧਾ ਨਹਿਰ ਵਿੱਚ ਜਾ ਡਿੱਗਿਆ ।
ਮੌਕੇ 'ਤੇ ਹੀ ਹੋ ਗਈ ਮੌਤ
ਹਾਦਸੇ ਤੋਂ ਬਾਅਦ ਰੋਸ਼ਨ ਦੇ ਦੋਸਤਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।