ਮੁੱਖ ਖੇਤੀਬਾੜੀ ਅਫਸਰ, ਡਾ ਜਗਦੇਵ ਸਿੰਘ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 05 ਅਪ੍ਰੈਲ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਵਰਤੀਆਂ ਜਾਣ ਵਾਲੀਆਂ ਖੇਤੀ ਮਸ਼ੀਨਾਂ ਤੇ ਸਬਸਿਡੀ ਦੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ, ਡਾ ਜਗਦੇਵ ਸਿੰਘ ਨੇ ਦਸਿਆ ਕਿ ਕਿਸਾਨ ਵਿਭਾਗ ਦੇ ਪੋਰਟਲ ਰਾਹੀਂ ਮਿਤੀ 1 ਅਪ੍ਰੈਲ 2026 ਤੋਂ ਮਿਤੀ 24 ਅਪ੍ਰੈਲ 2026 ਸ਼ਾਮ 5:00 ਵਜੇ ਤੱਕ ਆਨਲਾਈਨ ਅਰਜੀਆਂ ਦੇ ਸਕਦੇ ਹਨ
ਉਨ੍ਹਾਂ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਨੂੰ ਇਹ ਮਸ਼ੀਨਾਂ 50 ਫੀਸਦੀ ਸਬਸਿਡੀ ਅਤੇ ਗਰੁੱਪਾਂ/ਸੋਸਾਇਟੀਆਂ ਨੂੰ 80 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਸਬਸਿਡੀ ਸੁਪਰ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਐਸ.ਐਮ.ਐਸ., ਜੀਰੋ ਟਿੱਲ ਡਰਿੱਲ, ਬੇਲਰ, ਰੇਕ ਅਤੇ ਮਲਚਰ ਸਮੇਤ ਕਈ ਆਧੁਨਿਕ ਖੇਤੀ ਮਸ਼ੀਨਾਂ ਤੇ ਦਿੱਤੀ ਜਾਵੇਗੀ
ਪੋਰਟਲ ਉਪਰ ਅਪਲਾਈ ਕਰਨ ਸਮੇਂ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਬਲਾਕ ਅਮਲੋਹ ,ਬਸੀ ਪਠਾਣਾਂ ਦੇ ਕਿਸਾਨ ਡਾ. ਬੂਟਾ ਸਿੰਘ ( 96465-78198 ), ਬਲਾਕ ਸਰਹਿੰਦ, ਖਮਾਣੋਂ ਦੇ ਕਿਸਾਨ ਡਾ ਇਕਬਾਲਜੀਤ ਸਿੰਘ (95018-00975), ਬਲਾਕ ਖੇੜਾ ਦੇ ਕਿਸਾਨ ਡਾ.ਗੁਰਪਾਲ ਸਿੰਘ (84370-00605) ਨਾਲ ਸਪੰਰਕ ਕਰ ਸਕਦੇ ਹਨ
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਲਾਹੇਵੰਦ ਜੀਵ-ਜੰਤੂਆਂ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ
ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਉਪਰਾਲੇ ਕਰਨ ਲਈ ਦਿਸ਼ਾਂ-ਨਿਰਦੇਸ਼ ਦਿੱਤੇ ਹਨ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਰੋਜ਼ਾਨਾ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਪਿੰਡ ਪੱਧਰੀ, ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ, ਸਰਪੰਚਾਂ ਨਾਲ ਮੀਟਿੰਗਾਂ ਅਤੇ ਨੁਕੜ ਨਾਟਕ ਕੀਤੇ ਜਾ ਰਹੇ ਹਨ