ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਫਾਜ਼ਿਲਕਾ ਦੇ ਹੜ੍ਹ ਪੀੜਤ ਇਲਾਕੇ ਵਿੱਚ ਮੱਕੀ ਬੀਜਣ ਦੀ ਸ਼ੁਰੂਆਤ
ਅਸ਼ੋਕ ਵਰਮਾ
ਫਾਜ਼ਿਲਕਾ, 19 ਸਤੰਬਰ 2025 :ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਫਾਜ਼ਿਲਕਾ ਜ਼ਿਲੇ ਦੇ ਲਾਧੂਕਾ ਇਲਾਕੇ ਵਿੱਚ ਹਰਾ ਚਾਰਾ ਬੀਜਣ ਦੀ ਸ਼ੁਰੂਆਤ ਕਰਵਾਈ ਗਈ। ਜਥੇਬੰਦੀ ਵੱਲੋਂ ਟਰੈਕਟਰ, ਬੀਜ ਅਤੇ ਖਾਦ ਦਾ ਇੰਤਜ਼ਾਮ ਕਰਕੇ ਲਾਧੂਕਾ ਦੇ ਨੇੜਲੇ ਪਿੰਡ ਘੁੜਕਾ ਵਿਖੇ ਲੋੜਵੰਦ ਕਿਸਾਨਾਂ ਦੀ 15 ਏਕੜ ਮੱਕੀ ਬੀਜ ਕੇ ਦਿੱਤੀ ਗਈ।
ਇਸ ਸਮੇਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਉਹਨਾਂ ਕੋਲ ਇਸ ਮੌਕੇ 50 ਏਕੜ ਵਿੱਚ ਮੱਕੀ ਬੀਜਣ ਦਾ ਪ੍ਰਬੰਧ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਇਲਾਕੇ ਦੇ ਹੋਰ ਕਿਸਾਨਾਂ ਦੀ ਮੱਕੀ ਬੀਜ ਕੇ ਦਿੱਤੀ ਜਾਵੇਗੀ। ਪਿੰਡ ਘੁੜਕਾ ਦੇ ਖੇਤਾਂ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬੇ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਹਰੀਸ਼ ਨੱਢਾ ਤੋਂ ਇਲਾਵਾ ਮੁਕਤਸਰ ਜ਼ਿਲ੍ਹੇ ਦੇ ਪ੍ਰਧਾਨ ਪਰਮਿੰਦਰ ਸਿੰਘ ਉੜਾਂਗ ਤੋਂ ਇਲਾਵਾ ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਸਮੇਤ ਹੋਰ ਵੀ ਆਗੂ ਹਾਜ਼ਰ ਸਨ।
ਇੱਥੇ ਹਾਜ਼ਰ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹੜ੍ਹ ਆਉਣ ਵੇਲੇ ਤੋਂ ਹੀ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪੰਜ ਪਿੰਡਾਂ ਵਿੱਚ ਹੜ੍ਹਾਂ ਦੀ ਸ਼ੁਰੂਆਤ ਵਿੱਚ ਹੀ ਕੈਂਪ ਲਗਾ ਦਿੱਤੇ ਗਏ ਸਨ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲੇ ਦੇ ਚਾਰ ਪਿੰਡਾਂ ਵਿੱਚ ਵੀ ਕੈਂਪ ਲਗਾਏ ਗਏ। ਮੋਹਾਲੀ ਜ਼ਿਲਾ ਕਮੇਟੀ ਵੱਲੋਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਨੇੜਲੇ ਪਿੰਡਾਂ ਵਿੱਚ ਲੋੜੀਦੇ ਭਾਂਡੇ ਵੰਡੇ ਗਏ। ਲੁਧਿਆਣਾ ਜ਼ਿਲ੍ਹੇ ਦੇ ਆਗੂ ਗੁਰਿੰਦਰ ਸਿੰਘ ਗੋਗੀ ਸੀਲੋਆਣੀ ਦੀ ਅਗਵਾਈ ਵਿੱਚ ਲਗਭਗ ਸਾਢੇ ਪੰਜ ਲੱਖ ਰੁਪਏ ਦੀ ਸਹਾਇਤਾ ਹੜ੍ਹ ਪੀੜਤ ਇਲਾਕਿਆਂ ਵਿੱਚ ਵੰਡੀ ਗਈ। ਇਸ ਤੋਂ ਇਲਾਵਾ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਪਰਮਿੰਦਰ ਸਿੰਘ ਉੜਾਂਗ ਦੀ ਅਗਵਾਈ ਵਿੱਚ ਮੱਲਾਂ ਵਾਲਾ ਇਲਾਕੇ ਦੇ ਪਿੰਡ ਬਡਾਲਾ ਫੱਤੇ ਵਾਲਾ ਦੇ ਲੋਕਾਂ ਨੂੰ 220 ਕੁਵਿੰਟਲ ਤੂੜੀ ਤੇ 70 ਗੱਟੇ ਫੀਡ ਵੰਡੀ ਗਈ।
ਸੂਬਾ ਕਮੇਟੀ ਨੇ ਦੱਸਿਆ ਕਿ ਜਥੇਬੰਦੀ ਦੇ ਵਰਕਰ ਆਪੋ ਆਪਣੇ ਪਿੰਡਾਂ ਵਿੱਚ ਖਾਦ, ਕਣਕ ਦਾ ਬੀਜ ਅਤੇ ਡੀਜ਼ਲ ਵਾਸਤੇ ਸਹਾਇਤਾ ਇਕੱਠੀ ਕਰ ਰਹੇ ਹਨ। ਜਿੰਨਾਂ ਸਮਾਨ ਇਕੱਠਾ ਹੋ ਜਾਵੇਗਾ, ਉਸ ਹਿਸਾਬ ਨਾਲ ਪਿੰਡਾਂ ਵਿੱਚ ਕਿਸਾਨਾਂ ਦੀ ਕਣਕ ਅਤੇ ਹਰਾ ਚਾਰਾ ਬੀਜਣ ਲਈ ਸਹਾਇਤਾ ਕੀਤੀ ਜਾਵੇਗੀ। ਅੱਜ ਪਿੰਡ ਘੁੜਕਾ ਵਿਖੇ ਮੱਕੀ ਬੀਜਣ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਨੋਹੜ ਤੋਂ ਇੰਦਰਜੀਤ ਸਿੰਘ ਭੱਠਲ ਵੱਲੋਂ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ।ਸੂਬਾ ਕਮੇਟੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਤੋਂ ਬਚਣ ਲਈ ਉਪਰੋਕਤ ਕੰਮਾਂ ਵਾਸਤੇ ਇਕੱਠੇ ਹੋ ਕੇ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਇੱਕ ਪਾਸੇ ਸਰਕਾਰਾਂ ਦੇ ਖਿਲਾਫ ਸੰਘਰਸ਼ ਦੀ ਵੱਡੀ ਲੋੜ ਖੜੀ ਹੈ ਤਾਂ ਦੂਜੇ ਪਾਸੇ ਹੁਸ਼ਿਆਰਪੁਰ ਜ਼ਿਲੇ ਅੰਦਰ ਇੱਕ ਬੱਚੇ ਦੇ ਕਤਲ ਦੀ ਘਿਨਾਉਣੀ ਘਟਨਾ ਨੂੰ ਆਧਾਰ ਬਣਾ ਕੇ ਲੋਕਾਂ ਦਾ ਧਿਆਨ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬੱਚੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਇਸ ਘਟਨਾ ਕਾਰਨ ਸਮੁੱਚੇ ਭਾਈਚਾਰੇ ਨੂੰ ਦੋਸ਼ੀ ਗਰਦਾਨ ਦੇਣਾ ਬਿੱਲਕੁੱਲ ਗਲਤ ਹੈ। ਇਸ ਨਾਲ ਲੋਕਾਂ ਦਾ ਜਿਹੜਾ ਗੁੱਸਾ ਹੜ੍ਹਾਂ ਦੀ ਜ਼ਿੰਮੇਵਾਰ ਸਰਕਾਰ ਅਤੇ ਸਿਸਟਮ ਦੇ ਖਿਲਾਫ ਬਣਦਾ ਹੈ ਉਸ ਦਾ ਰੁੱਖ ਪ੍ਰਵਾਸੀ ਭਾਈਚਾਰੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਇਹੋ ਹੀ ਇੱਛਾ ਹੈ ਕਿ ਲੋਕ ਆਪੋ ਵਿੱਚ ਉਲਝੇ ਰਹਿਣ ਅਤੇ ਸਰਕਾਰਾਂ ਦੇ ਖਿਲਾਫ ਕੋਈ ਸੰਘਰਸ਼ ਨਾ ਲੜਨ। ਇਸ ਲਈ ਬੱਚੇ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਆਪਸੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।ਇਸ ਸਮੇਂ ਹਰਮੀਤ ਸਿੰਘ ਢਾਬਾਂ, ਬਗੀਚਾ ਸਿੰਘ ਢਾਬਾਂ , ਸੁਖਦੇਵ ਸਿੰਘ ਸਵਨਾ ਜਮਾਲ ਕੇ, ਤਰਸੇਮ ਸਿੰਘ ਗਿੱਲ, ਬੋਹੜ ਸਿੰਘ ਮਾਨ , ਪ੍ਰਵੀਨ ਮੌਲਵੀ ਵਾਲਾ, ਪ੍ਰਿੰਸ ਕੰਬੋਜ, ਰਜਿੰਦਰ ਸੋਨੂੰ ਮੌਲਵੀ ਵਾਲਾ, ਸਾਜਨ ਲਾਧੂਕਾ, ਜੋਗਿੰਦਰ ਸਿੰਘ ਨੂਰ ਸਮੰਦ, ਜ਼ੈਲਦਾਰ ਨੂਰ ਸਮੰਦ, ਬੋਹਰ ਸਿੰਘ ਸੜੀਆ ਅਤੇ ਜਸ਼ਨ ਸੜੀਆ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।