ਜ਼ਿਲ੍ਹੇ ਵਿੱਚ ਯੂਰੀਆ ਦੀ ਨਿਰਵਿਘਨ ਸਪਲਾਈ ਕਰਵਾਈ ਜਾ ਰਹੀ - ਡਾ. ਰਾਕੇਸ਼ ਕੁਮਾਰ ਸ਼ਰਮਾ
ਰੂਪਨਗਰ, 14 ਜਨਵਰੀ 2025: ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸੂ਼ ਜੈਨ ਵੱਲੋਂ ਜਾਰੀ ਹਦਾਇਤਾਂ ਤਹਿਤ ਜਿ਼ਲ੍ਹੇ ਦੇ ਕਿਸਾਨਾਂ ਨੂੰ ਯੂਰੀਆ ਦੀ ਨਿਰਵਿਘਨ ਸਪਲਾਈ ਅਤੇ ਨਿਰਪੱਖ ਵੰਡ ਲਈ ਵਿਭਾਗ ਵੱਲੋਂ ਉਚੇਚੇ ਕਦਮ ਚੁੱਕੇ ਜਾ ਰਹੇ ਹਨ। ਲੋੜ ਅਨੁਸਾਰ ਜਿ਼ਲ੍ਹੇ ਵਿੱਚ ਯੂਰੀਆ ਦੀ ਆਮਦ ਉੱਚ ਅਧਿਕਾਰੀਆਂ ਨਾਲ ਤਾਲ—ਮੇਲ ਕਰਕੇ ਕਰਵਾਈ ਜਾ ਰਹੀ ਹੈ। ਸਪਲਾਈ ਕਰ ਰਹੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ ਹਨ ਕਿ ਸਪਲਾਈ ਇੰਡੈਂਟ ਅਨੁਸਾਰ ਤੁਰੰਤ ਕਰਨੀ ਯਕੀਨੀ ਬਣਾਈ ਜਾਵੇ। ਸਹਿਕਾਰੀ ਸਭਾਵਾਂ ਵਿੱਚ ਉਪਲਬਧ ਅਤੇ ਪੀ.ਓ.ਐਸ. ਸਟਾਕ ਸਬੰਧੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਲ ਪੂਰਾ ਰਾਬਤਾ ਰੱਖਿਆ ਜ਼ਾ ਰਿਹਾ ਹੈ ਤਾਂ ਜ਼ੋ ਕਿਸਾਨਾਂ ਨੂੰ ਯੂਰੀਆ ਮੁਹੱਈਆ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ।
ਵਿਭਾਗ ਦੇ ਵੱਖ—ਵੱਖ ਬਲਾਕਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣ ਵਿੱਚ ਉਚੇਚੇ ਕਦਮ ਚੁੱਕੇ ਜਾਣ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ 80 ਪ੍ਰਤੀਸ਼ਤ ਤੋਂ ਵੱਧ ਯੂਰੀਆ ਖਾਦ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਦੋ—ਤਿੰਨ ਦਿਨਾਂ ਵਿੱਚ 1000 ਮੀ.ਟਨ ਯੂਰੀਆ ਖਾਦ ਦੀ ਆਮਦ ਕਰਵਾਈ ਜਾ ਰਹੀ ਹੈ।ਉਨ੍ਹਾਂ ਵੱਲੋਂ ਆਪ ਦੁਕਾਨਾਂ ਦੀਆਂ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵਿੱਕਰੀ ਕੀਤੀ ਗਈ ਖਾਦ ਦਾ ਪੂਰਾ ਰਿਕਾਰਡ ਚੈਕ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਡੀਲਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਕਿਸਮ ਦੀ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ। ਦੋਸ਼ੀ ਪਾਏ ਜਾਣ ਵਾਲੇ ਡੀਲਰਾਂ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਖਰੀਦ ਸਮੇਂ ਅਧਾਰ ਕਾਰਡ ਲਿਆਂਦਾ ਜਾਵੇ ਅਤੇ ਉਸ ਦੀ ਐਂਟਰੀ ਕਰਵਾਉਣ ਉਪਰੰਤ ਹੀ ਖਾਦ ਲੈ ਕੇ ਪੱਕਾ ਬਿੱਲ ਲਿਆ ਜਾਵੇ ਤਾਂ ਜ਼ੋ ਖਾਦਾਂ ਦੀ ਕਾਲਾਬਜ਼ਾਰੀ/ਸਟਾਕਿੰਗ ਤੇ ਨੱਥ ਪਾਈ ਜਾ ਸਕੇ। ਕਿਸਾਨ ਵੀਰ ਲੋੜ ਤੋਂ ਵੱਧ ਯੂਰੀਆ ਦੀ ਖਰੀਦ ਨਾ ਕਰਨ। ਯੂਰੀਆ ਦੀ ਵਰਤੋਂ ਸਿਫਾਰਸ਼ ਅਨੁਸਾਰ ਹੀ ਕੀਤੀ ਜਾਵੇ ਤਾਂ ਜ਼ੋ ਖੇਤੀ ਖਰਚ ਨੂੰ ਘਟਾਇਆ ਜਾ ਸਕੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਖਾਦਾਂ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ, ਜੇਕਰ ਕਿਸੇ ਕਿਸਾਨ ਨੂੰ ਖਾਦਾਂ ਦੀ ਪ੍ਰਾਪਤੀ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ/ ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰਨ।