ਬੇਮਿਸਾਲ ਕਿਸਾਨ ਅੰਦੋਲਨ ਦੀ ਤੀਸਰੀ ਵਰੇਗੰਢ ਨਵੰਬਰ 19 ਨੂੰ ਫਤਹਿ ਦਿਵਸ ਘੋਸ਼ਤ ਕੀਤਾ ਜਾਵੇ - ਕਿਰਤੀ ਕਿਸਾਨ ਫੋਰਮ
ਚੰਡੀਗੜ੍ਹ, 16 ਨਵੰਬਰ 2024 - ਸੰਭੂ /ਟਿਕਰੀ ਬਾਰਡਰ ਤੇ ਪੂਰਾ ਸਾਲ ਠੰਡ -ਗਰਮੀ ਚ ਡਟੇ ਰਹੇ ਬਹਾਦਰ ਭਾਰਤੀ ਕਿਸਾਨਾਂ ਵਲੋਂ ਕਥਿਤ ਖੇਤੀ ਬਾੜੀ ਸੁਧਾਰਾਂ ਲਈ ਬਣਾਏ ਕਨੂੰਨਾਂ ਨੰ ਰਦ ਕਰਾਓਣ ਲਈ ਵਿਸ਼ਵ ਦੇ ਨਿਵੇਕਲੇ ਅਤੇ ਇਤਿਹਾਸਕ ਅੰਦੋਲਨ ਦੀ ਤੀਸਰੀ ਵਰੇ ਗੰਢ ਤੇ ਕਿਰਤੀ ਕਿਸਾਨ ਫੋਰਮ ,ਚੰਡੀਗੜ ਵਲੋਂ ਸਰਵ ਸੰਮਤੀ ਨਾਲ ਹੇਠ ਦਰਜ਼ ਮਤੇ ਪਾਸ ਕੀਤੇ ਗਏ।
1) ਇਸ ਇਤਿਹਾਸਕ ਕਿਸਾਨ ਅੰਦੋਲਨ ਵਲੋਂ ਵਿਸ਼ਵ ਭਰ ਦੇ ਕਿਸਾਨਾਂ ਦੀ ਅਗਵਾਈ ਲਈ ਸ਼ਾਤਮਈ ਅਤੇ ਸੈਕੂਲਰ ਸਭਿਆਚਾਰ ਸਿਰਜ ਕੇ ਨਵੇਂ ਪੈਂਤੜੇ ਅਤੇ ਪੈੜਾਂ ਪਾਈਆਂ ਗਈਆਂ। ਏਸ਼ੀਆ, ਯੂਰਪ ,ਅਮਰੀਕਾ ਅਤੇ ਅਫਰੀਕਨ ਦੇਸ਼ਾਂ ਦੇ ਕਿਸਾਨ ਹਿਤੈਸ਼ੀਆਂ ਵਲੋਂ ਇਸ ਅੰਦੋਲਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਕੇਂਦਰ ਸਰਕਾਰ ਵਲੋਂ ਖੇਤੀ ਸਬੰਧਤ ਤਿੰਨੋ ਕਨੂੰਨ ਵਾਪਸ ਲੈਣ ਨਾਲ ਜਿਹੜੀ ਬੇਮਿਸਾਲ ਜਿਤ ਦਰਜ਼ ਕੀਤੀ ਗਈ ਉਸ ਨੂੰ ਹਮੇਸ਼ਾ ਲਈ ਯਾਦਗਾਰੀ ਅਤੇ ਪ੍ਰੇਰਨਾਮਈ ਬਨਾਓਣ ਲਈ 19 ਨਵੰਬਰ ਨੂੰ ਪੰਜਾਬ ਸਰਕਾਰ ਵਲੋਂ ਕਿਸਾਨ ਫਤਹਿ ਦਿਵਸ ਘੋਸ਼ਿਤ ਕੀਤਾ ਜਾਵੇ।
2) ਕਿਸਾਨ ਅੰਦੋਲਨ ਵਿਚ ਆਪਸੀ ਸਦਭਾਵਨਾ ਬਰਕਰਾਰ ਰਖਦੇ ਹੋਏ 700 ਕਿਸਾਨਾਂ ਵਲੋਂ ਪ੍ਰਾਪਤ ਸ਼ਹੀਦੀਆਂ ਦੇਸ਼ ਭਰ ਦੇ ਕਿਸਾਨਾਂ ਦੀ ਭਵਿੱਖ ਦੀ ਲੜਾਈ ਲਈ ਸੇਧਗਾਰ ਸਾਬਤ ਹੋਣਗੀਆਂ। ਇੰਨਾਂ ਕਿਸਾਨਾ ਦੀ ਯਾਦਗਾਰ ਰੂਪੀ ਫਤਹਿ ਸਮਾਰਕ ਸੰਭੂ ਬਾਰਡਰ ਤੇ ਉਸਾਰੀ ਜਾਵੇ। ਪੰਜਾਬ ਸਰਕਾਰ ਇਸ ਸਬੰਧੀ ਹਰਿਆਣਾ ਤੇ ਦਿਲੀ ਸਰਕਾਰ ਨਾਲ ਤੁਰੰਤ ਰਾਬਤਾ ਬਣਾਵੇ।ਫੋਰਮ ਦੇ ਸਮੂਹ ਮੈਂਬਰਾਨ ਨੇ ਪੰਜਾਬ ਅਤੇ ਉਤਰ ਭਾਰਤ ਦੇ ਸਾਰੇ ਕਿਰਤੀ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਨੂੰ 19 ਨਵੰਬਰ ਨੂੰ ਫਤਹਿ ਦਿਵਸ ਮਨਾਓਣ ਦੀ ਅਪੀਲ ਕੀਤੀ । ਇੰਨਾਂ ਤਿੰਨ ਕਨੂੰਨਾਂ ਦੇ ਵਾਪਸ ਹੋਣ ਨਾਲ ਯੂਰਪ ਅਤੇ ਅਮਰੀਕਾ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਖੇਤੀ ਦੇ ਕਾਰਪੋਰੇਟਾਈਜੇਸ਼ਨ ਨੂੰ ਕੁਸ਼ ਬਰੇਕਾਂ ਲਗੀਆਂ ਹਨ।