ਕਿਸਾਨਾਂ ਮਜ਼ਦੂਰਾਂ ਵੱਲੋਂ ਗਿੱਦੜਬਾਹਾ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਖਿਲਾਫ ਪੋਲ ਖੋਲ੍ਹ ਮਾਰਚ
ਅਸ਼ੋਕ ਵਰਮਾ
ਗਿੱਦੜਬਾਹਾ , 16 ਨਵੰਬਰ 2024:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਗਿੱਦੜਬਾਹਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ 'ਚ ਵਿਸ਼ਾਲ ਝੰਡਾ ਮਾਰਚ ਕਰਕੇ ਲੋਕਾਂ ਨੂੰ ਚੋਣ ਮੈਦਾਨ 'ਚ ਉਤਰੀਆਂ ਸਭਨਾਂ ਪਾਰਟੀਆਂ ਤੋਂ ਝਾਕ ਮੁਕਾ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਵੱਖ ਵੱਖ ਥਾਵਾਂ 'ਤੇ ਜੁੜੇ ਇਕੱਠਾਂ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜ਼ਿਲ੍ਹਾ ਕਨਵੀਨਰ ਗੁਰਜੰਟ ਸਾਉਂਕੇ ਨੇ ਸਬੰਧੋਨ ਕੀਤਾ ।
ਝੰਡਾ ਮਾਰਚ ਦੌਰਾਨ ਵੰਡੇ ਇੱਕ ਹੱਥ ਪਰਚੇ ਰਾਹੀਂ ਬੀ ਜੇ ਪੀ ਤੇ ਆਪ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਅਤੇ ਕਿਸਾਨਾਂ ਮਜ਼ਦੂਰਾਂ , ਦੁਕਾਨਦਾਰਾਂ ਤੇ ਛੋਟੇ ਕਾਰੋਬਾਰਾਂ ਵਿਰੋਧੀ ਨੀਤੀਆਂ ਲਾਗੂ ਕਰਨ ਰਾਹੀਂ ਦੇਸ਼ ਦੇ ਲੋਕਾਂ ਨਾਲ਼ ਗ਼ਦਾਰੀ ਕਰਨ ਦੇ ਤੱਥਾਂ ਤੇ ਅੰਕੜਿਆਂ ਸਾਹਿਤ ਗੰਭੀਰ ਦੋਸ਼ ਲਾਏ ਗਏ। ਕਿਸਾਨ ਮਜ਼ਦੂਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬੀ ਜੇ ਪੀ ਦੇ ਆਗੂਆਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਲਕੇ ਦੇ ਲੋਕਾਂ ਨੂੰ ਨੰਗਾ ਚਿੱਟਾ ਝੂਠ ਬੋਲ ਕੇ ਗੁੰਮਰਾਹ ਕਰਨ ਦੇ ਦੋਸ਼ ਲਾਏ। ਉਹਨਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂਆਂ ਖ਼ਿਲਾਫ਼ ਜ਼ਹਿਰੀਲੇ ਬਿਆਨ ਦਾਗਣ ਨੂੰ ਬੀ ਜੇ ਪੀ ਦੀ ਵੰਡ ਪਾਊ ਅਤੇ ਜਾਬਰ ਨੀਤੀ ਦਾ ਹਿੱਸਾ ਕਰਾਰ ਦਿੱਤਾ।
ਕਿਸਾਨ , ਮਜ਼ਦੂਰ ਆਗੂਆਂ ਨੇ ਆਖਿਆ ਕਿ ਕਾਰਪੋਰੇਟ ਪੱਖੀ ਨੀਤੀਆਂ ਤਹਿਤ ਹੀ ਝੋਨੇ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਵੇ ਕੀਤਾ ਜਾ ਰਿਹਾ ਹੈ ,ਮਜ਼ਦੂਰਾਂ ਮੁਲਾਜ਼ਮਾਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋ ਰਹੇ ਹਨ । ਉਹਨਾਂ ਦੱਸਿਆ ਕਿ ਬੀ ਜੇ ਪੀ ਦੇ ਪਿਛਲੇ 10 ਸਾਲਾਂ ਦੇ ਰਾਜ ਵਿੱਚ ਦਿਓ ਕੱਦ ਅਮਰੀਕੀ ਕੰਪਨੀਆਂ ਐਮਾਜ਼ੋਨ , ਫਿਲਿਪਕਾਰਟ ਅਤੇ ਭਾਰਤੀ ਮੂਲ ਦੀਆਂ ਦਿਓ ਕੱਦ ਕੰਪਨੀਆਂ ਡੀ ਮਾਰਟ ਅਤੇ ਰਿਲਾਇੰਸ ਦੀ ਜੀਓ ਆਦਿ ਵੱਲੋਂ ਪਰਚੂਨ ਵਪਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਈ- ਵਪਾਰ ਅਤੇ ਕਿਊ -ਵਪਾਰ ਦੇ ਦੁਰਪ੍ਰਭਾਵ ਏਨੇ ਪ੍ਰਤੱਖ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਸ੍ਰੀ ਪਿਊਸ਼ ਗੋਇਲ ਨੂੰ ਵੀ ਪ੍ਰਵਾਨ ਕਰਨਾ ਪਿਆ। ਉਹਨਾਂ ਆਖਿਆ ਕਿ ਕੇਂਦਰੀ ਮੰਤਰੀ ਨੇ ਮੰਨਿਆ ਕਿ ਇਹਨਾਂ ਕੰਪਨੀਆਂ ਵੱਲੋਂ ਈ ਤੇ ਕਿਊ ਵਪਾਰ ਚ ਜਿਸ ਤੇਜ਼ੀ ਨਾਲ਼ ਪਸਾਰਾ ਕੀਤਾ ਜਾ ਰਿਹਾ ਹੈ ਸਿੱਟੇ ਵਜੋਂ ਛੋਟੇ ਦੁਕਾਨਦਾਰ,ਵਾਪਰੀ ਤੇ ਕਾਰੋਬਾਰੀ ਉਜਾੜੇ ਮੂੰਹ ਧੱਕੇ ਜਾ ਰਹੇ ਹਨ।
ਉਹਨਾਂ ਆਪ ਦੀ ਭਗਵੰਤ ਮਾਨ ਸਰਕਾਰ ਉਤੇ ਵੀ ਬੀ ਜੇ ਪੀ ਵਾਂਗ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਸ ਨੇ ਛੋਟੀ ਸਨਅਤ ਲਈ ਬਿਜਲੀ ਰੇਟ ਪ੍ਰਤੀ ਕਿਲੋਵਾਟ 5.50 ਰੁਪਏ ਦਾ ਵਾਧਾਕੇ ਅਤੇ ਸਟੀਲ ਖੇਤਰ ਦੇ ਕਾਰਪੋਰੇਟ ਘਰਾਣੇ ਟਾਟਾ ਸਟੀਲ ਨੂੰ ਲੁਧਿਆਣੇ ਹਾਈਟੈਕ ਵੈਲੀ ਵਿੱਚ ਦਾਖਲਾ ਦੇ ਕੇ ਲੁਧਿਆਣਾ, ਫਤਿਹਗੜ੍ਹ ਸਾਹਿਬ ,ਬਟਾਲਾ ਅਤੇ ਗੋਬਿੰਦਗੜ੍ਹ ਦੀਆਂ ਛੋਟੀਆਂ ਲੋਹਾ ਇਕਾਈਆਂ ਨੂੰ ਹੋਰ ਵੀ ਵਧੇਰੇ ਤਬਾਹੀ ਮੂੰਹ ਧੱਕ ਦਿੱਤਾ ਹੈ।ਇਹਨਾਂ ਇਕੱਠਾਂ ਨੂੰ ਕਿਸਾਨ ਆਗੂ ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ ਤੇ ਖੇਤ ਮਜ਼ਦੂਰ ਆਗੂ ਬਾਜ਼ ਸਿੰਘ ਭੁੱਟੀਵਾਲਾ, ਰਾਜਾ ਸਿੰਘ ਖੂਨਣ ਖ਼ੁਰਦ ਤੋਂ ਇਲਾਵਾ ਗੁਰਪਾਸ਼ ਸਿੰਘ ਸਿੰਘੇਵਾਲਾ, ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਸੇਮਾਂ,ਬਸੰਤ ਸਿੰਘ ਕੋਠਾਗੁਰੂ, ਜਗਦੇਵ ਸਿੰਘ ਜੋਗੇਵਾਲਾ, ਗੁਰਮੀਤ ਸਿੰਘ ਬਿੱਟੂ, ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ, ਤੇ ਕਾਲਾ ਸਿੰਘ ਖੂਨਣ ਖ਼ੁਰਦ ਨੇ ਵੀ ਸੰਬੋਧਨ ਕੀਤਾ।