ਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ
- ਡੀ.ਏ.ਪੀ. ਖਾਦ ਦੇ ਬਦਲ ਵਜੋਂ ਹੋਰਨਾਂ ਖਾਦਾਂ ਦੀ ਵਰਤੋਂ ਵੀ ਕਰਨ ਕਿਸਾਨ
ਰਾਜਪੁਰਾ, 16 ਨਵੰਬਰ 2024 - ਖੇਤੀਬਾੜੀ ਅਫ਼ਸਰ ਰਾਜਪੁਰਾ ਜਪਿੰਦਰ ਸਿੰਘ ਪੰਨੂ ਅਤੇ ਤਹਿਸੀਲਦਾਰ ਕੇ.ਸੀ. ਦੱਤਾ ਵੱਲੋਂ ਅੱਜ ਸਹਿਕਾਰੀ ਸਭਾਵਾਂ ਮਿਰਜ਼ਾਪੁਰ, ਆਕੜੀ, ਭੇੜ ਵਾਲ, ਪਬਰੀ, ਕੋਟਲਾ, ਨਿਆਮਤਪੁਰ, ਖੇੜੀ ਗੁੱਜੂ ਸਮੇਤ ਖਾਦ ਵਿਕਰੇਤਾ ਅੰਸ਼ੂ ਫਰਟੀਲਾਈਜ਼ਰ ਏਜੰਸੀ, ਦੀਪਕ ਟਰੇਡਰਜ਼, ਦੰਦਰਾਲਾਂ ਫਰਟੀਲਾਈਜ਼ਰ ਤੇ ਪੈਸਟੀਸਾਈਡ, ਗੁਰੂ ਨਾਨਕ ਪੈਸਟੀਸਾਈਡ, ਗੁਪਤਾ ਫਰਟੀਲਾਈਜ਼ਰ, ਵੀਨੇ ਟਰੇਡ ਤੇ ਸਾਹਨੀ ਫਰਟੀਲਾਈਜ਼ਰ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡੀ.ਏ.ਪੀ. ਦੇ ਬਦਲ ਦੇ ਤੌਰ 'ਤੇ ਬਾਜ਼ਾਰ ਵਿਚ ਹੋਰ ਬਹੁਤ ਖਾਦਾਂ ਹਨ, ਜੋ ਹਾੜ੍ਹੀ ਦੀਆਂ ਫ਼ਸਲਾਂ ਲਈ ਡੀ.ਏ.ਪੀ. ਖਾਦ ਜਿੰਨੀਆਂ ਹੀ ਕਾਰਗਰ ਹਨ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਵਿਚੋਂ ਫ਼ਸਲ ਨੂੰ 18 ਫ਼ੀਸਦੀ ਨਾਈਟ੍ਰੋਜਨ ਅਤੇ 46 ਫ਼ੀਸਦੀ ਫਾਸਫੋਰਸ ਖੁਰਾਕੀ ਤੱਤ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਖਾਦ ਦੇ ਬਦਲ ਵਜੋਂ ਬਾਜ਼ਾਰ ਵਿਚ ਹੋਰ ਖਾਦਾਂ ਜਿਵੇਂ ਟ੍ਰਿਪਲ ਸੁਪਰ ਫਾਸਫੇਟ, ਸਿੰਗਲ ਸੁਪਰ ਫਾਸਫੇਟ, ਕਿਸਾਨ ਖਾਦ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖਾਦ ਦੀ ਵਰਤੋਂ ਜ਼ਮੀਨ ਦੀ ਲੋੜ ਅਨੁਸਾਰ ਹੀ ਕਰਨ, ਇਸ ਲਈ ਕਿਸਾਨ ਆਪਣੇ ਖੇਤ ਦੀ ਮਿੱਟੀ ਦਾ ਟੈਸਟ ਵੀ ਜ਼ਰੂਰ ਕਰਵਾਉਣ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਡੀ.ਏ.ਪੀ. ਦੇ ਬਦਲ ਵਜੋਂ ਹੋਰਨਾਂ ਖਾਦਾਂ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਜ਼ਿਲ੍ਹੇ ਵਿੱਚ ਲਗਾਤਾਰ ਡੀਲਰਾਂ ਦੀਆਂ ਦੁਕਾਨਾਂ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਖਾਦ ਅਤੇ ਦਵਾਈ ਵਿਕਰੇਤਾ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਦੁਕਾਨਦਾਰ ਖਾਦ ਦੇ ਨਾਲ ਧੱਕੇ ਨਾਲ ਦਵਾਈ ਦਿੰਦਾ ਹੈ ਜਾਂ ਬਿੱਲ ਨਹੀਂ ਦਿੰਦਾ ਤਾਂ ਉਸ ਖਿਲਾਫ਼ ਕਾਰਵਾਈ ਕਰਵਾਉਣ ਲਈ ਸਬੰਧਤ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।