ਗੁਰਦੁਆਰਾ ਸਾਹਿਬ, ਜੈਲਦਾਰ ਸਰਹਿੰਦ ਸ਼ਹਿਰ ਵਿਖੇ ਮਨਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 16 ਨਵੰਬਰ 2024:- ਸਰਹਿੰਦ ਸ਼ਹਿਰ ਦੇ ਗੁਰਦੁਆਰਾ ਸਾਹਿਬ, ਜੈਲਦਾਰ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸਭ ਤੋਂ ਪਹਿਲਾਂ ਤਿੰਨ ਰੋਜ਼ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਰਣਜੀਤ ਸਿੰਘ ਦੇ ਜਥੇ ਨੇ ਇਲਾਹੀ ਕੀਰਤਨ ਨਾਲ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਇੱਥੇ ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਜੈਲਦਾਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਾਮ ਸਮੇਂ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ। ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਆਈਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਅਨੁਸਾਰ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਾਂ ਸਾਰਿਆਂ ਨੇ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ।
ਉਹਨਾਂ ਚੱਲ ਰਹੇ ਪਟਾਕਿਆਂ ਕਾਰਨ ਹਵਾ ਵਿੱਚ ਬਣੇ ਗੈਸ ਚੈਂਬਰ ਬਾਰੇ ਚਿੰਤਾ ਕਰਦਿਆਂ ਕਿਹਾ ਕਿ ਸਾਨੂੰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਟਾਈਲਾਂ ਅਤੇ ਜਨਰੇਟਰ ਦੀ ਸੇਵਾ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਆਖੰਡ ਪਾਠ ਦੀ ਸੇਵਾ ਗੁਰਪ੍ਰੀਤ ਸਿੰਘ ਬਾਹਰਾ ਨਿਊਜ਼ੀਲੈਂਡ ਵੱਲੋਂ ਕਰਵਾਈ ਗਈ। ਸੰਗਤਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲਜੀਤ ਸਿੰਘ ਨਿੰਮੀ, ਪਰਮਜੀਤ ਸਿੰਘ ਮਾਲਵਾ, ਡਾ. ਅਵਤਾਰ ਸਿੰਘ, ਗੁਰਵਿੰਦਰ ਸਿੰਘ ਸੋਹੀ, ਬਾਬਾ ਅਜੀਤ ਸਿੰਘ, ਜਸਪਾਲ ਸਿੰਘ ਫੌਜੀ, ਰਾਜਦੀਪ ਸਿੰਘ ਚੀਮਾ, ਰਾਜਵਿੰਦਰ ਕੌਰ ਸੋਹੀ, ਜਸਕਿਰਨ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ, ਕੁਲਦੀਪ ਕੌਰ, ਬਬੀਤਾ ਸੇਠ, ਦੀਪਕੰਵਲ ਸਿੰਘ ਚੀਮਾ, ਸੱਤਪਾਲ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।