ਸੰਘਣੀ ਧੁੰਦ ਕਰਕੇ ਸਮਾਂ ਤਬਦੀਲੀ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ 6635 ਅਧਿਆਪਕ ਯੂਨੀਅਨ ਵਲੋਂ ਡੀ.ਈ.ਓ ਪ੍ਰਾਇਮਰੀ ਅਤੇ ਸੈਕੰਡਰੀ ਨੂੰ ਦਿੱਤਾ ਮੰਗ ਪੱਤਰ
- ਧੁੰਦ ਕਾਰਨ ਵੱਡੇ ਹਾਦਸੇ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਸਮਾਂ ਤਬਦੀਲੀ ਦਾ ਲਵੇ ਫੈਸਲਾ - ਮਲਕੀਤ ਹਰਾਜ /ਸ਼ਲਿੰਦਰ ਕੰਬੋਜ
ਫ਼ਿਰੋਜ਼ਪੁਰ 14 ਨਵੰਬਰ, 2024: ਸੰਘਣੀ ਧੁੰਦ ਦਾ ਅਸਰ ਫਿਰੋਜ਼ਪੁਰ ਵਿੱਚ ਵੇਖਣ ਨੂੰ ਮਿਲ ਰਿਹਾ। ਜ਼ਿਲ੍ਹਾ ਫਿਰੋਜ਼ਪੁਰ ਦੇ ਲਗਭਗ ਸਾਰੇ ਬਲਾਕਾਂ ਵਿੱਚ ਵੱਡੀ ਗਿਣਤੀ ਅਧਿਆਪਕ ਫਾਜਿਲਕਾ ਤੇ ਅਬੋਹਰ ਤੋਂ ਸਫ਼ਰ ਕਰਕੇ ਪਹੁੰਚਦੇ ਹਨ। ਇਸ ਲਈ ਸੰਘਣੀ ਧੁੰਦ ਕਾਰਨ ਹੁੰਦੇ ਨੁਕਸਾਨ ਤੋਂ ਬਚਾਅ ਲਈ ਸਕੂਲਾਂ ਦੇ ਸਵੇਰ ਦੇ ਸਮੇਂ ਵਿੱਚ ਤਬਦੀਲੀ 9 ਤੋਂ 10 ਵਜੇ ਲਗਾਉਣ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ 6635 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਸ਼ਲਿੰਦਰ ਕੰਬੋਜ ਫਾਜਿਲਕਾ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਸੈਕੰਡਰੀ ਰਾਹੀਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਨਾਂ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਇਸੇ ਧੁੰਦ ਕਾਰਨ ਕਈ ਅਧਿਆਪਕ ਆਪਣੀ ਜਾਨ ਗਵਾ ਚੁੱਕੇ ਹਨ, ਕਈਆਂ ਘਰਾਂ ਦੇ ਚਿਰਾਗ ਬੁਝ ਗਏ ਹਨ ਸੋ ਇਸ ਲਈ ਵੱਡੀ ਦੁਰਘਟਨਾ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਦੀ ਤਬਦੀਲੀ ਦਾ ਫੈਸਲਾ ਲੈਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਫਿਰੋਜ਼ਪੁਰ ਫਾਜਿਲਕਾ ਰੋਡ ਸਿੰਗਲ ਰੋਡ ਹੈ, ਇਸ ਰੋਡ ਉੱਤੇ ਟਰੈਫਿਕ ਜਿਆਦਾ ਹੁੰਦੀ ਹੈ ਅਤੇ ਆਉਣ ਜਾਣ ਦਾ ਸਮਾਂ ਆਮ ਨਾਲੋਂ ਦੁਗਣਾ ਲੱਗਦਾ ਹੈ ਅਤੇ ਇਸ ਸਿੰਗਲ ਰੋਡ ਤੇ ਆਵਾਜਾਈ ਜਿਆਦਾ ਹੋਣ ਕਾਰਨ ਅਤੇ ਸੰਘਣੀ ਧੁੰਦ ਹੋਣ ਕਾਰਨ ਸਵੇਰੇ ਦੂਰ ਦੁਰੇਡੇ ਤੋਂ ਆਉਣ ਵਾਲੇ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਪਹੁੰਚਣ ਲੱਗਿਆ ਸਮਾਂ ਲੱਗਦਾ ਹੈ, ਜਿਸ ਕਾਰਨ ਉਹ ਸਕੂਲ ਪੁੱਜਣ ਕਰਕੇ ਸਮੇਂ ਦੇ ਮੱਦੇਨਜ਼ਰ ਜਿਆਦਾ ਤੇਜ਼ੀ ਨਾਲ ਆਉਂਦੇ ਹਨ ਜਿਸ ਕਾਰਨ ਕਿਸੇ ਨਾ ਕਿਸੇ ਦੁਰਘਟਨਾ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ।
ਉਹਨਾਂ ਜਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਿਸੇ ਦੁਰਘਟਨਾ ਵਾਪਰਨ ਤੋਂ ਪਹਿਲਾਂ ਹੀ ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਬਿਨਾਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਪਹਿਲਾਂ ਹੀ ਸਮੇਂ ਤਬਦੀਲੀ ਦਾ ਫੈਸਲਾ ਲਿਆ ਜਾਵੇ ਲਿਆ ਕਿਉਂਕਿ ਹਰ ਸਾਲ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਹੋਣ ਤੋਂ ਬਾਅਦ ਹੀ ਸਮਾਂ ਤਬਦੀਲ ਕਰਨ ਦਾ ਫੈਸਲਾ ਲੈਂਦਾ ਹੈ ਤੇ ਇਸ ਲਈ ਇਸ ਵਾਰ ਕੋਈ ਵੀ ਦੁਰਘਟਨਾ ਵਾਪਰਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਇਸ ਮੌਕੇ ਅਮਿਤ ਕੁਮਾਰ, ਸਰਬਜੀਤ ਸਿੰਘ ਭਾਵੜਾ, ਇੰਦਰ ਸਿੰਘ ਘੱਲ ਖੁਰਦ, ਹੀਰਾ ਸਿੰਘ ਤੂਤ,ਨਰਿੰਦਰ ਸਿੰਘ ਜੰਮੂ, ਸੰਦੀਪ ਕੁਮਾਰ, ਮਨੋਜ ਕੁਮਾਰ, ਰਜਿੰਦਰ ਕੁਮਾਰ, ਵਰੁਣ ਕੁਮਾਰ ਆਦਿ ਹਾਜ਼ਰ ਸਨ