ਪ੍ਰੋਜੈਕਟ ਸੰਪਰਕ ਅਧੀਨ ਪਬਲਿਕ ਮੀਟਿੰਗ ਦੁਆਰਾ ਆਮ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ: ਆਈ.ਪੀ.ਐਸ ਨਿਲੰਬਰੀ ਜਗਦਲੇ
- ਸੁਚਾਰੂ ਤਾਲਮੇਲ ਕਾਇਮ ਕਰਨ ਨਾਲ ਜ਼ਮੀਨੀ ਪੱਧਰ ਦੀ ਜਾਣਕਾਰੀ ਮਿਲਣਾ ਅਸਾਨ ਹੁੰਦੀ
ਰੂਪਨਗਰ, 14 ਨਵੰਬਰ 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸੰਪਰਕ ਅਧੀਨ ਅੱਜ ਜ਼ਿਲ੍ਹਾ ਰੂਪਨਗਰ ਵਿਖੇ .ਡੀਆਈ.ਜੀ ਆਈ.ਪੀ.ਐਸ ਸ਼੍ਰੀਮਤੀ ਨਿਲੰਬਰੀ ਜਗਦਲੇ ਦੀ ਅਗਵਾਈ ਅਧੀਨ ਵੱਖ-ਵੱਖ ਥਾਵਾਂ ਉਤੇ ਰੂਪਨਗਰ ਪੁਲਿਸ ਵਲੋਂ ਮੁਹੱਲਾ ਕਮੇਟੀਆਂ, ਗੈਰ ਸਰਕਾਰੀ ਸੰਸਥਾਵਾਂ, ਰਿਹਾਇਸ਼ੀ ਸੰਸਥਾਵਾਂ, ਨਗਰ ਕੌਂਸਲਾਂ ਦੇ ਪ੍ਰਧਾਨ, ਐਮ.ਸੀ., ਸਰਪੰਚਾਂ, ਆਦਿ ਨਾਲ ਤਾਲਮੇਲ ਵਧਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ।
ਡੀ.ਆਈ.ਜੀ ਰੂਪਨਗਰ ਰੇਂਜ ਆਈਪੀ ਐਸ ਨਿਲੰਬਰੀ ਜਗਦਲੇ ਨੇ ਪਿੰਡ ਖੈਰਾਬਾਦ ਦੇ ਅਰੋੜਾ ਪੈਲਸ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ
ਇਸ ਪ੍ਰਾਜੈਕਟ ਦਾ ਉਦੇਸ਼ ਪੰਜਾਬ ਪੁਲਿਸ ਦਾ ਲੋਕਾਂ ਨਾਲ ਨੇੜਤਾ ਵਧਾਉਣੀ ਅਤੇ ਉਨ੍ਹਾਂ ਭਾਈਵਾਲਤਾ ਦਾ ਮਾਹੌਲ ਸਿਰਜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਉਤੇ ਹੱਲ ਕਰਨਾ ਹੈ। ਇਸ ਉਦੇਸ਼ ਤਹਿਤ ਅਗਲੇ ਮਹੀਨੇ ਤੱਕ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਲੋਕਾਂ ਤੋਂ ਸੁਝਾਵ ਪ੍ਰਾਪਤ ਕਰਕੇ ਉਨ੍ਹਾਂ ਮੁਤਾਬਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
ਡੀ.ਆਈ.ਜੀ ਨੇ ਕਿਹਾ ਕਿ ਪ੍ਰੋਜੈਕਟ ਸੰਪਰਕ ਅਧੀਨ ਪਬਲਿਕ ਮੀਟਿੰਗ ਦੁਆਰਾ ਆਮ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਜਦਕਿ ਸੁਚਾਰੂ ਤਾਲਮੇਲ ਕਾਇਮ ਕਰਨ ਨਾਲ ਜ਼ਮੀਨੀ ਪੱਧਰ ਦੀ ਜਾਣਕਾਰੀ ਮਿਲਣਾ ਅਸਾਨ ਹੋ ਜਾਂਦੀ ਹੈ। ਪੰਜਾਬ ਪੁਲਿਸ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਹੈ ਅਤੇ ਆਮ ਲੋਕਾਂ ਨਾਲ ਸੁਚਾਰੂ ਤਾਲਮੇਲ ਨਾਲ ਨਸ਼ਿਆਂ, ਮਾਫੀਆ, ਗੈਂਸਟਰ ਅਤੇ ਹੋਰ ਮਾਮਲਿਆਂ ਬਾਰੇ ਹਰ ਮੁੱਦੇ ਉੱਤੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਅਤੇ ਮੋਹਤਬਰਾਂ ਤੇ ਆਮ ਲੋਕਾਂ ਤੋ ਸੁਝਾਅ ਵੀ ਲਏ ਗਏ ਹਨ ਜਿਨ੍ਹਾਂ ਨੂੰ ਜਲਦ ਅਮਲ ਵਿਚ ਲਿਆਉਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਅਪਰਾਧਾਂ, ਨਸ਼ਿਆਂ ਤੇ ਗੈਰ ਸਮਾਜਿਕ ਤੱਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸ ਟੀਚੇ ਨਾਲ ਅਸੀਂ ਸਾਰੇ ਇਕੱਠੇ ਤੇ ਇਕਮਤ ਹੋ ਕੇ ਮਿਸਾਲ ਪੈਦਾ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਵਧਾਉਣਾ ਹੈ। ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਮੌਕੇ ਉਨ੍ਹਾਂ ਪੁਲਿਸ ਅਧਿਕਾਰੀਆਂ ਨ੍ਹ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਤੁਰੰਤ ਕਰਵਾਈ ਅਮਲ ਵਿਚ ਲਿਆਉਣ ਦੀ ਹਿਦਾਇਤ ਵੀ ਜਾਰੀ ਕੀਤੀ।
ਮੀਟਿੰਗ ਦੌਰਾਨ ਸ਼ਹਿਰ ਤੇ ਪਿੰਡਾਂ ਦੀਆਂ ਪਹੁੰਚੀਆਂ ਮੋਹਤਬਰ ਲੋਕਾਂ ਨੇ ਸ਼ਹਿਰ ਦੇ ਮੁੱਦਿਆਂ ਉਤੇ ਵਿਚਾਰ ਕਰਦਿਆਂ ਸੜਕਾਂ ਉਤੇ ਵੱਧ ਤੋਂ ਵੱਧ ਸੀ.ਸੀ .ਟੀ ਵੀ ਕੈਮਰੇ ਲਗਾਉਣ ਲਈ ਅਪੀਲ ਕੀਤੀ। ਉਨ੍ਹਾਂ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਜ਼ਿਕਰ ਕੀਤਾ ਕਿ ਰਾਮ ਲੀਲਾ ਗਰਾਉਂਡ, ਸਿਵਲ ਹਸਪਤਾਲ ਅਤੇ ਕੁਝ ਸਕੂਲਾਂ ਦਾ ਸੜਕ ਉਤੇ ਹੋਣ ਕਾਰਨ ਛੁੱਟੀ ਦੇ ਸਮੇਂ ਅਚਾਨਕ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਉਸ ਦੇ ਹੱਲ ਲਈ ਸਕੂਲ ਦੀ ਛੁੱਟੀ ਸਮੇਂ ਪੁਲਿਸ ਕਰਮੀ ਦੀ ਡਿਊਟੀ ਲਗਾਉਣ ਲਈ ਕਿਹਾ ਗਿਆ। ਸ਼ਹਿਰ ਦੀ ਹੋਰ ਸਮੱਸਿਆ ਬਾਰੇ ਵਿਚਾਰ ਕਰਦਿਆਂ ਕਿਹਾ ਪਹੁੰਚੀਆਂ ਸ਼ਖਸੀਤਾਂ ਵਲੋਂ ਸ਼ਹਿਰ ਵਿਚ ਨਸ਼ੇ ਦੀ ਸਮੱਸਿਆ ਨੂੰ ਕਾਬੂ ਕਰਨ ਦੀ ਥਾਂ ਉਸ ਨੂੰ ਜੜੋਂ ਪੁੱਟਣ ਦੀ ਅਪੀਲ ਕੀਤੀ।
ਸ਼੍ਰੀਮਤੀ ਨਿਲੰਬਰੀ ਜਗਦਲੇ ਨੇ ਸਮੱਸਿਆ ਉਤ ਸੁਣਵਾਈ ਕਰਦਿਆਂ ਹੋਏ ਸਬੰਧਿਤ ਪੁਲਿਸ ਅਫਸਰ ਨੂੰ ਸਮੱਸਿਆ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸ਼ਹਿਰ ਦੇ ਵਸਨੀਕਾਂ ਨੇ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਸਾਈਬਰ ਠੱਗੀਆਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਸਾਈਬਰ ਪੁਲਿਸ ਸਟੇਸ਼ਨ ਖੋਲੇ ਗਏ ਹਨ ਰੂਪਨਗਰ ਵਿਖੇ ਇਹ ਸਟੇਸ਼ਨ ਸਦਰ ਥਾਣਾ ਰੂਪਨਗਰ ਵਿਖੋ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਨਜਦੀਕੀ ਸਾਈਬਰ ਸਟੇਸ਼ਨ ਜਾਂ 1930 ਹੈਲਪਲਾਈਨ ਉਤੇ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਨਸ਼ਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇਣ ਲਈ ਸੇਫ ਪੰਜਾਬ ਹੈਲਪ ਲਾਈਨ 97791-00200 ਵਟਸਐਪ ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨੰਬਰ ਉਤੇ ਸ਼ਿਕਾਇਤ ਕਰਨ ਵਾਲੇ ਦਾ ਨੰਬਰ, ਪਤਾ ਅਤੇ ਨਾਮ ਨੂੰ ਗੁਪਤ ਰੱਖਿਆ ਜਾਂਦਾ ਹੈ।
ਇਸ ਉਪਰੰਤ ਉਨ੍ਹਾਂ ਮਕਾਨ ਮਾਲਕਾਂ ਨੂੰ ਪਹਿਲ ਦੇ ਆਧਾਰ ਤੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਕੁੱਝ ਲੋਕ ਜ਼ਿਆਦਾ ਕਿਰਾਏ ਦਾ ਲਾਲਚ ਦੇ ਕੇ ਕਮਰੇ ਕਿਰਾਏ ਉਤੇ ਲੈ ਲੈਂਦੇ ਹਨ ਅਤੇ ਵੈਰੀਫਿਕੇਸ਼ਨ ਤੋ ਬਚਦੇ ਹਨ। ਇਸ ਤੋਂ ਇਲਾਵਾ ਇੱਕ ਕਿਰਾਏ ਦੇ ਘਰ ਵਿਚ ਕਈ ਕਈ ਜਣੇ ਇਕੱਠੇ ਰਹਿੰਦੇ ਹਨ, ਜਿੰਨਾ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੁੰਦੀ ਅਜਿਹੇ ਵਿਚ ਜੇਕਰ ਕੋਈ ਵਾਰਦਾਤ ਕਰਦਾ ਹੈ ਤਾਂ ਉਹ ਆਸਾਨੀ ਨਾਲ ਬੱਚ ਕੇ ਨਿਕਲ ਜਾਂਦਾ ਹੈ। ਅਜਿਹੇ ਮਾਮਲੇ ਵਿਚ ਫੇਰ ਮਕਾਨ ਮਾਲਕ ਫਸ ਜਾਂਦਾ ਹੈਂ ਅਜਿਹੇ ਵਿਚ ਜੇਕਰ ਕਿਰਾਏਦਾਰ ਦੀ ਵੈਰੀਫਿਕੇਸ਼ਨ ਹੋਈ ਹੁੰਦੀ ਹੈ ਤਾਂ ਮਕਾਨ ਮਾਲਕ ਕਾਨੂੰਨੀ ਕਾਰਵਾਈ ਤੋਂ ਬਚ ਜਾਂਦਾ ਹੈ।
ਇਸ ਮੌਕੇ ਐਸ.ਪੀ ਹੈਡਕੁਆਟਰ ਰਾਜਪਾਲ ਸਿੰਘ ਹੁੰਦਲ, ਡੀ.ਐਪ.ਪੀ ਰਾਜਪਾਲ ਸਿੰਘ ਗਿੱਲ ਅਤੇ ਐਸ.ਐਚ.ਓ ਪਵਨ ਕੁਮਾਰ ਹਾਜ਼ਰ ਸਨ।