ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸੜਕਾਂ ਤੇ ਲੱਗੇ ਸਾਈਨ ਬੋਰਡਾਂ ਅੱਗੋਂ ਝਾੜੀਆਂ/ ਟਾਹਣੀਆਂ ਹਟਾਉਣ ਦੀ ਮੁਹਿੰਮ ਸ਼ੁਰੂ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ,13 ਨਵੰਬਰ, 2024: ਜ਼ਿਲ੍ਹਾ ਪੁਲਿਸ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸੜਕਾਂ ‘ਤੇ ਸੜਕ ਹਾਦਸਿਆਂ ਨੂੰ ਰੋਕਣ ਦੇ ਮੰਤਵ ਨਾਲ ਐਸ ਐਸ ਪੀ ਸ੍ਰੀ ਦੀਪਕ ਪਾਰਕ ਅਤੇ ਐਸ ਪੀ (ਟ੍ਰੈਫਿਕ) ਹਰਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵੱਖ-ਵੱਖ ਥਾਵਾਂ ਤੇ ਦਰੱਖਤਾਂ/ਝਾੜੀਆਂ ਨਾਲ ਬਣਦੇ ਬਲੈਕ ਸਪਾਟਸ ਦੀ ਚੈਕਿੰਗ ਕੀਤੀ ਗਈ ਅਤੇ ਪਾਇਆ ਗਿਆ ਕਿ ਬਹੁਤ ਸਾਰੀਆਂ ਥਾਵਾਂ ‘ਤੇ ਜਰੂਰੀ ਸਾਈਨ ਬੋਰਡ/ਮੋੜ ਆਦਿ ਝਾੜੀਆਂ/ਦਰਖਤਾਂ ਦੀਆਂ ਟਾਹਣੀਆਂ ਹੋਣ ਕਾਰਨ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਅਚਾਨਕ ਹਾਦਸਾ ਵਾਪਰ ਜਾਂਦਾ ਹੈ। ਡੀ ਐਸ ਪੀ ਟਰੈਫਿਕ ਕਰਨੈਲ ਸਿੰਘ ਅਨੁਸਾਰ ਉਨਾਂ ਵੱਲੋਂ ਜ਼ਿਲ੍ਹੇ ਵਿੱਚ ਲਗਾਤਾਰ ਸਕੂਲਾਂ, ਕਾਲਜਾਂ, ਵਸਨੀਕਾਂ, ਟਰੱਕ ਯੂਨੀਅਨ ਅਤੇ ਟੈਕਸੀ ਯੂਨੀਅਨ ਨਾਲ ਸੰਪਰਕ ਕਰਕੇ ਸੁਰੱਖਿਅਤ ਸੜਕੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਕੀਤੀ ਜਾ ਰਹੀ ਹੈ।
ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ, ਜਿਸ ਦੌਰਾਨ ਪਾਇਆ ਗਿਆ ਕਿ ਬਹੁਤ ਸਾਰੀਆਂ ਥਾਵਾਂ ‘ਤੇ ਝਾੜੀਆਂ/ ਬੂਟੀਆਂ ਕਾਰਨ ਮਹੱਤਵਪੂਰਨ ਸਾਈਨ ਬੋਰਡ ਤੱਕ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਵਾਹਨ ਚਾਲਕ ਨੂੰ ਮੌਕੇ ਤੇ ਮੋੜ ਜਾਂ ਕੱਟ ਜਾਂ ਓਵਰਟੇਕਿੰਗ ਬਾਰੇ ਨਹੀਂ ਪਤਾ ਲੱਗਦਾ, ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦੇ ਹਨ।
ਉਹਨਾਂ ਦੱਸਿਆ ਕਿ ਵੱਖ-ਵੱਖ ਐਨ ਜੀ ਓਜ਼ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਅਜਿਹੇ ਬਲੈਕ ਸਪਾਟਸ ਜਿੱਥੇ ਝਾੜੀਆਂ ਜਾਂ ਦਰਖਤਾਂ ਦੀਆਂ ਟਾਹਣੀਆਂ ਕਾਰਨ ਸੜਕੀ ਆਵਾਜਾਈ ਚ ਰੁਕਾਵਟ ਬਣਦੀ ਹੈ, ਉਹਨਾਂ ਨੂੰ ਦੂਰ ਕਰਨ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਸੜਕਾਂ ਤੇ ਲੱਗੇ ਸਾਈਨ ਬੋਰਡ ਵਾਹਨ ਚਾਲਕਾਂ ਨੂੰ ਸਾਫ ਦਿਖਾਈ ਦੇਣ। ਉਹਨਾਂ ਨੇ ਜ਼ਿਲ੍ਹੇ ਦੇ ਸਰਪੰਚਾਂ, ਗ੍ਰਾਮ ਪੰਚਾਇਤਾਂ ਅਤੇ ਹੋਰ ਜਿੰਮੇਵਾਰ ਨਾਗਰਿਕਾਂ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਏਰੀਆ ਵਿੱਚ ਸੜਕਾਂ ‘ਤੇ ਆਵਾਜਾਈ ਵਿੱਚ ਦਿੱਕਤ ਬਣਦੇ ਅਜਿਹੇ ਦਰਖਤਾਂ ਅਤੇ ਝਾੜੀਆਂ ਨੂੰ ਆਵਾਜਾਈ ਵਿੱਚ ਰੁਕਾਵਟ ਨਾ ਬਣਨ ਦੇਣ ਤਾਂ ਜੋ ਹਰ ਇੱਕ ਵਾਹਨ ਚਾਲਕ ਸੁਰੱਖਿਅਤ ਮਹਿਸੂਸ ਕਰ ਸਕੇ।