ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਹੰਸਾਲੀ ਰਨ’ 15 ਨਵੰਬਰ ਨੂੰ
- 42, 21,10,5 ਕਿਲੋਮੀਟਰ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚ ਜੇਤੂਆਂ ਨੂੰ ਦਿੱਤੇ ਜਾਣਗੇ ਲੱਖਾਂ ਦੇ ਇਲਾਮ
ਚੰਡੀਗੜ੍ਹ, 13 ਨਵੰਬਰ 2024 - ਇੰਡੀਆ ਰਨ ਫੈਸਟੀਵਲ ਵਲੋਂ ਸੰਤ ਬਾਬਾ ਪਰਮਜੀਤ ਸਿੰਘ, ਹੰਸਾਲੀ ਸਾਹਿਬ ਟਰੱਸਟ, ਜੀਤੋ ਅਤੇ ਨਰਗਿਸ ਦੱਤ ਫਾਉਂਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਮਿੱਠੀ ਯਾਦ ਵਿੱਚ 15 ਨਵੰਬਰ ਨੂੰ “ਹੰਸਾਲੀ ਰਨ 2024” ਕਰਵਾਈ ਜਾ ਰਹੀ ਹੈ। ਇਸ ਉਪਰਾਲੇ ਦਾ ਮੁੱਖ ਉਦੇਸ਼ ਬ੍ਰੈਸਟ ਕੈਂਸਰ, ਨਸ਼ਾ ਮੁਕਤੀ ਅਤੇ ਕਮਿਊਨਿਟੀ ਹੈਲਥ ਲਈ ਜਾਗਰੂਕਤਾ ਵਧਾਉਣ ਲਈ ਫੰਡ ਇਕੱਠਾ ਕਰਨਾ ਹੈ।
ਇਸ ਦੌੜ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਨੇ ਦੱਸਿਆ ਕਿ ਦੌੜ ਦਾ ਮੁੱਖ ਮਕਸਦ ਸਿਹਤਮੰਦ ਜੀਵਨ ਦਾ ਸੁਨੇਹਾ ਦੇਣਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕਰਨਾ ਹੈ। ਇਕੱਠੇ ਕੀਤੇ ਗਏ ਫੰਡ ਦਾ ਇਸਤਮਾਲ ਮਹੱਤਵਪੂਰਨ ਸਿਹਤ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਕੀਤਾ ਜਾਵੇਗਾ, ਜੋ ਕਮਿਊਨਿਟੀ ਸਿਹਤ ਨਾਲ ਸਬੰਧਤ ਗੰਭੀਰ ਮਸਲਿਆਂ ਦਾ ਹੱਲ ਲੱਭਦੇ ਹਨ ਅਤੇ ਇੱਕ ਸਿਹਤਮੰਦ ਅਤੇ ਨਸ਼ਾ-ਮੁਕਤ ਸਮਾਜ ਦੀ ਰਚਨਾ ਕਰਦੇ ਹਨ।
“ਹੰਸਾਲੀ ਰਨ 24” ਵਿੱਚ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਇਸ ਮੈਰਾਥਾਨ ਵਿੱਚ ਵੱਖ-ਵੱਖ ਸ਼ਹਿਰਾਂ ਦੇ ਦੌੜਾਕਾਂ ਵਲੋਂ ਵੱਡੀ ਭਾਗੀਦਾਰੀ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਸਿਹਤਮੰਦ ਜੀਵਨ ਅਤੇ ਸਮਾਜਕ ਬਦਲਾਅ ਲਈ ਆਪਣੀ ਵਚਨਬੱਧਤਾਂ ਨੂੰ ਪ੍ਰਗਟਾਉਣਗੇ। ਇਸ ਪ੍ਰੋਗਰਾਮ ਵਿੱਚ ਕੀਨੀਆ ਅਤੇ ਕੋਮੋਰੋਸ ਦੇ ਅੰਤਰਰਾਸ਼ਟਰੀ ਦੌੜਾਕ ਅਤੇ ਦੇਸ਼ ਭਰ ਦੇ ਪ੍ਰਸਿੱਧ ਮੈਰਾਥਨ ਦੌੜਾਕ ਵੀ ਹਿੱਸਾ ਲੈਣਗੇ। ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਅਪੀਲ ਕੀਤੀ ਕਿ ‘ਹੰਸਾਲੀ ਰਨ 2024’ ’ਚ ਭਾਗ ਲੈਕੇ ਹਰ ਵਿਅਕਤੀ ਆਪਣੇ ਜੀਵਨ ਨੂੰ ਤੰਦਰੁਸਤ ਬਣਾਵੇ।