ਮਲੇਰਕੋਟਲਾ: ADC ਵੱਲੋਂ ਜ਼ਿਲ੍ਹੇ ਅੰਦਰ ਕਿਸਾਨੀ ਨੂੰ ਲਾਹੇਵੰਦਾ ਬਣਾਉਣ ਲਈ ਵੱਧ ਤੋਂ ਵੱਧ ਕਿਸਾਨ ਉਤਪਾਦਕ ਕਮੇਟੀ( ਐਫ.ਪੀ.ਓਜ) ਬਣਾਉਣ 'ਤੇ ਜ਼ੋਰ
* ਜ਼ਿਲ੍ਹਾ ਸਾਂਝੀ ਵਰਕਿੰਗ ਕਮੇਟੀ (ਸਹਿਕਾਰੀ ਵਿਕਾਸ ਕਮੇਟੀ) ਦੀ ਬੈਠਕ ਮੌਕੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਹੋਈ ਵਿਚਾਰਾਂ ਚਰਚਾ
* ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ(ਡੇਅਰੀ ਅਤੇ ਮੱਛੀ ਪਾਲਣ) ਲਈ ਖੁੱਲ੍ਹਦਿਲੀ ਨਾਲ ਕਰਜ਼ਾ ਦੇਣ ਲਈ ਕਿਹਾ
* ਡੀ.ਏ.ਪੀ ਦੀ ਜਗ੍ਹਾ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਫ਼ਾਸਫੋਰਸ ਤੱਤ ਯੁਕਤ ਹੋਰ ਖਾਦਾਂ ਦੀ ਵਰਤੋਂ ਕਰਨ-
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 12 ਨਵੰਬਰ :2024 - ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਿਸਾਨੀ ਨੂੰ ਲਾਹੇਵੰਦਾ ਬਣਾਉਣ ਲਈ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਫਾਰਮਰਜ਼ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈਆਂ ਜਾਣ ਤਾਂ ਕਿ ਸਹਿਕਾਰਤਾ ਲਹਿਰ ਜਰੀਏ ਸਾਡੇ ਕਿਸਾਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਜਰੀਏ ਵੱਧ ਤੋਂ ਵੱਧ ਆਮਦਨ ਕਮਾ ਸਕਣ।
ਜ਼ਿਲ੍ਹਾ ਸਾਂਝੀ ਵਰਕਿੰਗ ਕਮੇਟੀ ਦੇ ਬਤੌਰ ਚੇਅਰਪਰਸਨ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ "ਸਹਿਕਾਰ-ਸੇ-ਸਮ੍ਰਿਧੀ" ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਾਰੀਆਂ ਪੰਚਾਇਤਾਂ ਨੂੰ ਕਵਰ ਕਰਨ ਵਾਲੀਆਂ ਨਵੀਆਂ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS), ਡੇਅਰੀ, ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀਆਂ ਐਫ.ਪੀ.ਓਜ਼ ਬਣਾਉਣ 'ਤੇ ਜੋਰ ਦਿੱਤਾ ਅਤੇ ਸਹਿਕਾਰੀ ਬੈਂਕਾਂ ਦੇ ਨੁਮਾਇੰਦਿਆ ਨੂੰ ਹਦਾਇਤ ਕੀਤੀ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ(ਡੇਅਰੀ ਅਤੇ ਮੱਛੀ ਪਾਲਣ) ਲਈ ਖੁੱਲ੍ਹਦਿਲੀ ਨਾਲ ਕਰਜ਼ਾ ਦੇਣ ਨੂੰ ਤਰਜੀਹ ਦੇਣ ।
ਉਨ੍ਹਾਂ ਨੇ ਦੱਸਿਆ ਕਿ ਪ੍ਰਾਇਮਰੀ ਸਹਿਕਾਰੀ ਸੁਸਾਇਟੀਆਂ ਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ । ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਖੇਤੀਬਾੜੀ ਸਭਾਵਾਂ ਨੂੰ ਕੰਪਿਊਟਰਾਈਜ਼ ਕੀਤਾ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਸਹਿਕਾਰੀ ਬੈਂਕਾਂ ਦੇ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ਦੇ ਸਮੂਹ ਪਿੰਡਾਂ ਤੱਕ ਪੁਹੰਚ ਬਣਾਉਣ ਲਈ ਕਿਹਾ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਕਰਨਦੀਪ ਸਿੰਘ ਰੰਧਾਵਾ ਤੋਂ ਡੀ.ਏ.ਵੀ. ਖਾਦਾ ਦੀ ਵੰਡ ਪ੍ਰਣਾਲੀ,ਉਪਲਬਧਤਾ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਿਜਾਈ ਦੇ ਸੀਜਣ ਦੌਰਾਨ ਕਿਸੇ ਵੀ ਰੂਪ ਵਿੱਚ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਡੀ.ਏ.ਪੀ ਦੇ ਹੋਰ ਰੈਕ, ਲੱਗਣ ਜਾ ਰਹੇ ਹਨ, ਜਿਸ ਤੋਂ ਇਸ ਜ਼ਿਲ੍ਹੇ ਦੇ ਕਿਸਾਨ ਮੈਂਬਰਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਵੰਡਣ ਲਈ ਡੀ ਏ ਪੀ ਅਤੇ ਇਸ ਦੇ ਬਦਲ ਵਜੋਂ ਵਰਤੀਆਂ ਜਾ ਸਕਦੀਆਂ ਹੋਰ ਖਾਦਾਂ ਦੀ ਲੋੜੀਂਦੀ ਸਪਲਾਈ ਮਿਲਦੀ ਰਹੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ.ਏ.ਪੀ ਦੀ ਜਗ੍ਹਾ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਫ਼ਾਸਫੋਰਸ ਤੱਤ ਯੁਕਤ ਹੋਰ ਖਾਦਾਂ ਜਿਵੇਂ ਕਿ ਐਨ ਪੀ ਕੇ, ਸਿੰਗਲ ਸੁਪਰ ਫਾਸਫੇਟ ਅਤੇ ਟ੍ਰਿਪਲ ਸੁਪਰ ਫਾਸਫੇਟ ਵੀ ਕਣਕ, ਆਲੂ ਅਤੇ ਸਰੋਂ ਦੀ ਬਿਜਾਈ ਲਈ ਵਰਤ ਸਕਦੇ ਹਨ।
ਮੀਟਿੰਗ ਵਿੱਚ ਡੀ.ਡੀ.ਐਮ. ਨਬਾਰਡ ਸ਼੍ਰੀ ਮੁਨੀਸ ਗੁਪਤਾ,ਜੀ.ਐਮ. ਵੇਰਕਾ ਪਲਾਂਟ ਸੰਗਰੂਰ ਸ਼੍ਰੀ ਸੰਜੀਵ ਗੋਇਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਚਰਨਜੀਤ ਸਿੰਘ, ਜ਼ਿਲ੍ਹਾ ਮੈਂਨੇਜਰ ਸ਼੍ਰੀ ਰਮੀਤ ਸਿੰਗਲ, ਏ.ਆਰ.ਮਾਲੇਰਕੋਟਲਾ ਸ਼੍ਰੀ ਜਸਪ੍ਰੀਤ ਸਿੰਘ, ਮੱਛੀ ਪਾਲਣ ਅਫ਼ਸਰ ਸ਼੍ਰੀ ਲਵਪ੍ਰੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।