ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਡੀ ਏ ਪੀ ਦੀ ਬਜਾਏ ਐਸ ਐਸ ਪੀ ਖਾਦ ਦੀ ਵਰਤੋਂ ਕਰਨ ਦੀ ਸਲਾਹ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ, 2024: ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਸਰ੍ਹੋਂ, ਕਣਕ, ਆਲੂਆਂ ਦੀ ਬਿਜਾਈ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦੇ ਖਰਚੇ ਘਟਣਗੇ ਅਤੇ ਉਤਪਾਦਨ ਵਧੇਗਾ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਜ਼ਿਲ੍ਹੇ ’ਚ ਤਾਇਨਾਤ ਬਲਾਕ ਖੇਤੀਬਾੜੀ ਅਫ਼ਸਰਾਂ ਅਤੇ ਖੇਤੀ ਵਿਸਥਾਰ ਅਫ਼ਸਰਾਂ ਨੂੰ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਲਈ ਡੀ ਏ ਪੀ ਦੀ ਬਜਾਏ ਬਦਲਵੀਆਂ ਖਾਦਾਂ ਦੀ ਵਰਤੋਂ ਲਈ ਜਾਗਰੂਕ ਕਰਨ ਲਈ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿੰਗਲ ਸੁਪਰ ਫਾਸਫੇਟ (ਐਸ ਐਸ ਪੀ), ਟ੍ਰਿਪਲ ਸੁਪਰ ਫਾਸਫੇਟ (ਟੀ ਐਸ ਪੀ), ਨਾਈਟਰੋਫਾਸਫੇਟ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਲਾਗਤ ਵੀ ਘਟੇਗੀ, ਉਤਪਾਦਨ ਵੀ ਚੰਗਾ ਹੋਵੇਗਾ ਅਤੇ ਫ਼ਸਲ ਦੀ ਗੁਣਵੱਤਾ ਵੀ ਚੰਗੀ ਰਹੇਗੀ।
ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ, ਫਾਸਫੋਰਸ ਭਰਪੂਰ ਖਾਦਾਂ ਹਨ। ਸਿੰਗਲ ਸੁਪਰ ਫਾਸਫੇਟ ਵਿਚ 16 ਫੀਸਦੀ ਫਾਸਫੇਟ, 12 ਫੀਸਦੀ ਸਲਫਰ ਅਤੇ 18 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ ਜਦਕਿ ਟ੍ਰਿਪਲ ਸੁਪਰ ਫਾਸਫੇਟ 48 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ ਅਤੇ 1-2 ਪ੍ਰਤੀਸ਼ਤ ਸਲਫਰ ਅਤੇ 12-16 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਇਸੇ ਤਰਾਂ ਨਾਈਟਰੋਫਾਸਫੇਟ ਵਿੱਚ 23 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਡੀ ਏ ਪੀ ਦੇ ਮੁਕਾਬਲੇ ਸਿੰਗਲ ਸੁਪਰ ਫਾਸਫੇਟ, ਟ੍ਰਿਪਲ ਸੁਪਰ ਫਾਸਫੇਟ, ਨਾਈਟਰੋ ਫਾਸਫੇਟ ਖਾਦਾਂ ਬਾਜ਼ਾਰ ’ਚ ਆਸਾਨੀ ਨਾਲ ਉਪਲਬਧ ਹਨ। ਡੀ ਏ ਪੀ ਦੇ ਹਰ ਥੈਲੇ ਵਿੱਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟਰੋਜਨ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਸਰ੍ਹੋਂ, ਕਣਕ, ਆਲੂ ਆਦਿ ਵਿੱਚ ਡੀ ਏ ਪੀ ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐਸ ਐਸ ਪੀ) ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ. ਦੀ ਬਜਾਏ 3 ਥੈਲੇ ਐੱਸ.ਐੱਸ.ਪੀ ਅਤੇ 1 ਥੈਲਾ ਯੂਰੀਆ ਦੀ ਵਰਤੋਂ ਕਰਨ ਨਾਲ ਵਧੇਰੇ ਨਾਈਟਰੋਜਨ, ਕੈਲਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ। ਜਦੋਂ ਕਿ ਫਸਲਾਂ ਨੂੰ ਡੀ ਏ ਪੀ ਦੇ 1 ਥੈਲੇ ਤੋਂ ਸਿਰਫ 9 ਕਿਲੋ ਨਾਈਟਰੋਜਨ ਅਤੇ 23 ਕਿਲੋ ਫਾਸਫੋਰਸ ਮਿਲਦਾ ਹੈ। ਜਦ ਕਿ ਜੇਕਰ ਸਿੰਗਲ ਸੁਪਰ ਫਾਸਫੇਟ ਇਸਤੇਮਾਲ ਕੀਤਾ ਜਾਵੇ ਤਾਂ ਇਹ ਵਾਧੂ 12 ਕਿਲੋ ਗੰਧਕ ਪ੍ਰਦਾਨ ਕਰਦਾ ਹੈ ਜੋ ਸਰ੍ਹੋਂ ਵਿੱਚ ਤੇਲ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਝਾੜ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ, ਗੰਧਕ ਫਸਲ ਵਿੱਚ ਵਧੇਰੇ ਪ੍ਰੋਟੀਨ ਅਤੇ ਵਿਟਾਮਿਨ ਵੀ ਪ੍ਰਦਾਨ ਕਰਦਾ ਹੈ ਜੋ ਹਾੜੀ ਦੀ ਫਸਲ ਲਈ ਜ਼ਰੂਰੀ ਹਨ। ਇਸ ਤਰ੍ਹਾਂ ਡੀ ਏ ਪੀ ਦੀ ਬਜਾਏ ਐਸ ਐਸ ਪੀ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ।