ਖਾਦ ਵਿਕਰੇਤਾ ਲੋੜ ਤੋਂ ਵਧੇਰੇ ਖਾਦ ਦੀ ਸਟੋਰੇਜ ਨਾ ਕਰਨ : ਮੁੱਖ ਖੇਤੀਬਾੜੀ ਅਫਸਰ
ਫਾਜ਼ਿਲਕਾ, 4 ਨਵੰਬਰ 2024 - ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾ ਨੇ ਜ਼ਿਲ੍ਹੇ ਦੇ ਪੈਸਟੀਸਾਈਡ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਲੋੜ ਤੋਂ ਵਧੇਰੇ ਸਟੋਰੇਜ ਨਾ ਕੀਤੀ ਜਾਵੇ, ਅਜਿਹਾ ਕਰਨ 'ਤੇ ਉਹਨਾਂ ਖਿਲਾਫ ਸਖਤ ਕਾਰਵਾਈ ਆਰੰਭੀ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਲਗਾਤਾਰ ਪੈਸਟੀਸਾਈਡ ਦੀਆਂ ਦੁਕਾਨਾਂ ਤੇ ਖਾਦਾਂ ਦੇ ਸਟੋਰਾਂ ਦੀ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾਈ ਖਾਦ ਨਾਲ ਟੈਗਿੰਗ, ਵੱਧ ਰੇਟ, ਨੈਨੋ ਖਾਦ, ਸਲਫਰ, ਮਾਈਕੋਰੇਜਾ ਜਾਂ ਕੁਝ ਹੋਰ ਧੱਕੇ ਨਾਲ ਮਿਲ ਰਿਹਾ ਹੈ ਤਾਂ 1100 ਨੰਬਰ 'ਤੇ ਕਾਲ ਕਰੋ ਜਾਂ ਫਿਰ 98555-01076 'ਤੇ ਵ੍ਹਟਸਐਪ ਕਰੋ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।