ਗਿਆਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ
ਨਿਊ ਦਸ਼ਮੇਸ ਨਗਰ ਮੋਗਾ
9815784100
----------------------
26 ਅਪ੍ਰੈਲ ਦੇ ਦਿਨ ਤੇ ਵਿਸ਼ੇਸ-- *ਪੰਜਾਬ ਵਿਚ 26 ਅਪ੍ਰੈਲ 1984 ਨੂੰ ਮੋਗਾ ਹੋਇਆ ਸੀ ਮਿੰਨੀ ਬਲੂ ਸਟਾਰ ਓਪਰੇਸ਼ਨ
----------------------
*ਪੰਜਾਬ ਵਿਚ 26 ਅਪ੍ਰੈਲ 1984 ਨੂੰ ਮੋਗਾ ਹੋਇਆ ਸੀ ਮਿੰਨੀ ਬਲੂ ਸਟਾਰ ਓਪਰੇਸ਼ਨ
*ਪੰਜਾਬ ਵਿਚ ਪਹਿਲਾ ਕਰਫਿਊ 17 ਮਾਰਚ 1984 ਨੂੰ ਮੋਗਾ ਵਿਚ ਲੱਗਿਆ
*ਐਸ ਐਸ ਸਿੱਧੂ ਸਲਾਹਕਾਰ ਰਾਜਪਾਲ ਪੰਜਾਬ ਨੇ ਗੱਲਬਾਤ ਕਰਕੇ ਗੁਰਦਵਾਰੇ ਕਰਵਾਏ ਸਨ ਖਾਲੀ
-----------------------
1984 ਵਿਚ ਮੋਗਾ ਪੰਜਾਬ ਦਾ ਪਹਿਲਾ ਸ਼ਹਿਰ ਸੀ ਜਿੱਥੇ ਸਭ ਤੋਂ ਵੱਧ ਤਨਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ। ਮੋਗਾ ਸ਼ਹਿਰ ਵਿਚ ਫਰਵਰੀ ਮਹੀਨੇ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ “ਗਰਮ ਖਿਆਲੀ” ਧੜਿਆਂ ਦੇ ਨੌਜਵਾਨ ਇਕੱਠੇ ਹੋਣੇ ਸੁਰੂ ਹੋ ਗਏ ਤੇ ਉਹਨਾਂ ਨੇ ਮੋਗਾ ਦੇ ਤਿੰਨ ਮੁੱਖ ਗੁਰਦੁਆਰਿਆਂ
1. *ਗੁਰਦੁਆਰਾ ਬੀਬੀ ਕਾਹਨ ਕੌਰ*
2. *ਗੁਰਦੁਆਰਾ ਸਿੰਘ ਸਭਾ*
3. *ਗੁਰਦੁਆਰਾ ਅਕਾਲਸਰ ਸਾਹਿਬ*
ਵਿਚ ਆਪਣਾ ਡੇਰਾ ਅਜਮਾ ਲਿਆ ਸੀ ਤੇ ਉਹਨਾਂ ਦੀਆਂ ਕਾਰਵਾਈਆਂ ਨਾਲ ਅਸਾਂਤ ਵਾਤਾਵਰਣ ਪੈਦਾ ਹੋ ਗਿਆ ਸੀ। ਸਿੰਘਾਂ ਵਲੋ ਇਹ ਕਾਰਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਾਲੀ ਲਹਿਰ ਦੇ ਹਿੱਸੇ ਵਜੋਂ ਹੋਈ ਸੀ। ਉਹਨਾਂ ਦਾ ਜੱਦੀ ਪਿੰਡ ਰੋਡੇ ਨਜਦੀਕ ਹੈ।ਸਰਕਾਰ ਦਾ ਦੋਸ਼ ਸੀ ਕਿ ਗੁਰਦੁਆਰਿਆਂ ਨੂੰ ਹਥਿਆਰਬੰਦ ਵਿਅਕਤੀਆਂ ਦੇ ਮੋਰਚਿਆਂ ਵਜੋਂ ਵਰਤਿਆ ਜਾ ਰਿਹਾ ਹੈ। ਇਨ੍ਹਾਂ ਗੁਰਦੁਆਰਿਆਂ ਵਿਚੋਂ ਨਿਕਲਕੇ ਸਿੰਘਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਕਰਨ ਦੀਆਂ ਰਿਪੋਰਟਾਂ ਮਿਲੀਆਂ।
ਅਖੀਰ ਵਧਦੀਆਂ ਗੱਤੀਵਿਧੀਆਂ ਕਾਰਨ ਪ੍ਰਸ਼ਾਸਨ ਨੇ 17 ਮਾਰਚ 1984 ਨੂੰ ਸਵੇਰੇ 4 ਵਜੇ ਮੋਗਾ ਵਿਚ ਕਰਫਿਊ ਲਗਾ ਦਿੱਤਾ। ਪੰਜਾਬ ਵਿਚ ਮੋਗਾ ਪਹਿਲਾ ਸ਼ਹਿਰ ਸੀ। ਪਹਿਲਾਂ ਇਹ ਕਰਫਿਊ ਸਾਰੇ ਸ਼ਹਿਰ ਵਿਚ ਸੀ ਭਾਂਵੇ ਕਰਫਿਊ ਵਿਚ ਕੁਝ ਸਮਾਂ ਢਿਲ ਦਿੱਤੀ ਜਾਂਦੀ ਸੀ। ਸ਼ਹਿਰ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ ਸੀ ਲੋਕ ਪ੍ਰੇਸ਼ਾਨ ਸਨ। ਪ੍ਰਸ਼ਾਸਨ ਨੇ ਲੋਕਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਕਰਫਿਊ ਦਾ ਘੇਰਾ ਸੀਮਤ ਕਰਕੇ ਸਿਰਫ ਤਿੰਨਾਂ ਗੁਰਦਵਾਰਿਆਂ ਦੇ 100 ਮੀਟਰ ਘੇਰੇ ਵਿਚ ਕਰ ਦਿੱਤਾ। ਇਸ ਕਾਰਵਾਈ ਨਾਲ ਵੀ ਬਹੁਤਾ ਫਰਕ ਨਹੀ ਪਿਆ। ਉਸ ਵੇਲੇ ਗਵਰਨਰੀ ਰਾਜ ਹੋਣ ਕਰਕੇ ਕੇੰਦਰ ਵਲੋੰ ਪ੍ਰਸ਼ਾਸਨ ਤੇ ਦਬਾ ਪਾਇਆ ਜਾ ਰਿਹਾ ਸੀ ਕਿ ਗੁਰਦਵਾਰਿਆਂ ਨੂੰ ਕਿਸੇ ਤਰਾਂ ਖਾਲੀ ਕਰਵਾਕੇ ਸਥਿਤੀ ਸਾਂਤ ਕੀਤੀ ਜਾਵੇ। 26 ਅਪ੍ਰੈਲ 1984 ਨੂੰ ਦਿਨ ਵੇਲੇ ਸਥਾਨਿਕ ਨੈਸਲੇ ਦੇ ਰੈਸਟ ਹਾਊਸ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਜਿਲ੍ਹਾ ਤੇ ਸਬ ਡਵੀਜ਼ਨ ਅਧਿਕਾਰੀਆਂ ਅਤੇ ਬੀ ਐਸ ਐਫ ਦੇ ਅਧਿਕਾਰੀਆਂ ਦੀ ਲੰਬੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼ਾਮ ਨੁੰ ਕਰਫਿਊ ਵਿਚ ਢਿਲ ਦੇਕੇ ਕਾਰਵਾਈ ਕਰਕੇ ਗੁਰਦਵਾਰੇ ਖਾਲੀ ਕਰਵਾਉਣ ਲਈ ਬੀ ਐਸ ਐਫ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਉਸੇ ਦਿਨ 26 ਅਪ੍ਰੈਲ ਨੂੰ ਜਦੋ ਤਿੰਨਾਂ ਗੁਰਦੁਆਰਿਆਂ ਤੇ ਲੱਗੇ ਕਰਫਿਊ ਵਿਚ ਢਿਲ ਦੇਣ ਲਈ ਲੋਕ ਸੰਪਰਕ ਵਿਭਾਗ ਦੀ ਗੱਡੀ ਬੀਬੀ ਕਾਹਨ ਕੌਰ ਗੁਰਦਵਾਰੇ ਕੋਲੋ ਪਿਛਲੇ ਰਸਤੇ ਅੰਡਰ ਬਿ੍ਜ ਰਾਂਹੀ ਲੰਘ ਗਈ, ਗੁਰਦਵਾਰਾ ਸਿੰਘ ਸਭਾ ਕੋਲੋ ਹੁੰਦੀ ਹੋਈ ਗੁਰਦਵਾਰਾ ਅਕਾਲਸਰ ਤੱਕ ਪਹੁੰਚੀ ਹੀ ਸੀ। ਉਧਰ ਗੁਰਦਵਾਰਾ ਬੀਬੀ ਕਾਹਨ ਕੌਰ ਵਿਚੋ ਜਦੋ ਸਿੰਘ ਬਾਹਰ ਨਿਕਲੇ ਉਹਨਾਂ ਦੀ ਬੀ ਐਸ ਐਫ ਦੇ ਜਵਾਨਾਂ ਨਾਲ ਝਗੜਾ ਹੋ ਗਿਆ। ਮਾਮਲਾ ਸ਼ਾਂਤ ਨਾ ਹੁੰਦਾ ਵੇਖ ਬੀ ਐਸ ਐਫ ਦੇ ਜਵਾਨਾਂ ਨੂੰ ਗੋਲੀ ਚਲਾਉਣੀ ਪਈ ਜਿਸ ਨਾਲ 6 ਵਿਅਕਤੀ ਮੌਕੇ ਮਾਰੇ ਗਏ। ਸਬ ਡਵੀਜ਼ਨਲ ਮੈਜਿਸਟਰੇਟ ਨੇ ਮੁੜ ਕਰਫਿਊ ਲਾਉਣ ਦਾ ਹੁਕਮ ਦੇ ਦਿੱਤਾ। ਮੋਗਾ ਦੀ ਇਹ ਘਟਨਾ ਜੂਨ 1984 ਨੂੰ ਪੂਰੇ ਪੰਜਾਬ ਵਿਚ ਲੱਗੇ 36-ਘੰਟਿਆਂ ਦੇ ਕਰਫਿਊ ਤੋਂ ਲਗਭਗ 5 ਹਫਤੇ ਪਹਿਲਾਂ ਦਾ ਸੀ। 26 ਅਪ੍ਰੈਲ 1984 ਨੂੰ ਮੋਗਾ ਵਿਚ ਬੀ ਐਸ ਐਫ ਦੇ ਕਮਾਂਡਰ ਮਿਸਟਰ ਯਾਦਵ ਦੀ ਅਗਵਾਈ ਹੇਠ ਫਾਇਰਿੰਗ ਹੋਈ ਜਿਸ ਵਿਚ ਅਜਿਤਵਾਲ ਦੇ ਸਰਪੰਚ ਗੁਰਮੇਲ ਸਿੰਘ, ਕਰਨੈਲ ਸਿੰਘ, ਮਲਕੀਤ ਸਿੰਘ ਸਮੇਤ 6 ਵਿਅਕਤੀ ਮਾਰੇ ਗਏ। ਲਾਸ਼ਾਂ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਗਈਆਂ।
*ਮੋਗਾ ਦਾ ਖਾਸ ਜ਼ਿਕਰ ਆਉਦਾ ਹੈ ਕਿ ਸਰਕਾਰ ਦੀ ਭਾਰਤੀ ਫੌਜ ਵਲੋ ਸ੍ਰੀ ਹਰਮਿੰਦਰ ਸਾਹਿਬ ਤੇ ਸ੍ਰੀ ਅਕਾਲ ਤੱਖਤ ਅੰਮ੍ਰਿਤਸਰ ਦੇ ਹਮਲੇ ਤੋਂ ਪਹਿਲਾਂ ਮੋਗਾ ਵਿਚ ਬੀ ਐਸ ਐਫ ਵਲੋ ਗੋਲੀ ਚਲਵਾ ਕਿ ਰਿਹਰਸਲ ਕੀਤੀ ਸੀ ਕਿ ਇਸਦਾ ਆਮ ਲੋਕਾਂ ਤੇ ਕੀ ਪ੍ਰਭਾਵ ਪੈਦਾ।
ਮੋਗਾ ਦੇ ਤਿੰਨੇ ਗੁਰਦੁਆਰੇ ਮਾਰਚ ਮਹੀਨੇ ਤੋ ਹੀ ਸੀਮਾ ਸੁਰੱਖਿਆ ਬਲਾਂ ਦੇ ਕੰਟਰੋਲ ਹੇਠ ਆ ਗਏ ਸਨ।
*ਗੁਰਦੁਆਰੇ ਕਿਵੇਂ ਖਾਲੀ ਹੋਏ*
* ਅਖੀਰ ਮਈ 1984 ਦੇ ਪਹਿਲੇ ਹਫਤੇ *ਐਸ.ਐਸ. ਸਿੱਧੂ, ਸਲਾਹਕਾਰ ਗਵਰਨਰ ਪੰਜਾਬ* ਮੋਗਾ ਆਏ।
ਉਨ੍ਹਾਂ ਨੇ ਗੁਰਦੁਆਰਿਆਂ ਅੰਦਰ ਬੈਠੇ ਸਿੰਘਾਂ ਦੇ ਨੇਤਾਵਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਤੇ ਸ਼ਾਂਤਮਈ ਤਰੀਕੇ ਨਾਲ ਗੁਰਦੁਆਰੇ ਖਾਲੀ ਕਰਨ ਲਈ ਸਹਿਮਤ ਕਰ ਲਿਆ।
*ਪ੍ਰਸ਼ਾਸਨ ਨੇ ਤਿੰਨਾ ਗੁਰਦੁਆਰਿਆਂ ਅੱਗੇ ਪੰਜਾਬ ਰੋਡਵੇਜ਼ ਦੀਆਂ ਬੱਸਾਂ* ਲਗਾ ਦਿੱਤੀਆਂ। ਸਿੰਘਾਂ ਨੂੰ *ਬਿਨਾ ਤਲਾਸ਼ੀ* ਲਏ ਬੱਸਾਂ ਵਿਚ ਸਵਾਰ ਕਰਕੇ ਸਤਿਕਾਰ ਸਹਿਤ ਰਵਾਨਾ ਕਰ ਦਿੱਤਾ ਗਿਆ ਤੇ ਸ਼ਹਿਰ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ ਜਿਥੋਂ ਅੱਗੇ ਆਪਣੇ ਆਪਣੇ ਪਿੰਡਾਂ/ਸ਼ਹਿਰਾਂ ਨੂੰ ਚਲੇ ਗਏ। ਪ੍ਰਸ਼ਾਸਨ ਤੇ ਸ਼ਹਿਰ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ।

-
ਗਿਆਨ ਸਿੰਘ , writer
gskhiva1950@gmail.com
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.