ਰਾਜਿੰਦਰ ਗੁਪਤਾ ਦੇ ਹੱਕ 'ਚ ਬੋਲੇ ਮਜੀਠੀਆ!
ਰਾਜਿੰਦਰ ਗੁਪਤਾ ਹਨ ਪੰਜਾਬ ਦਾ ਮਾਣ- ਮਜੀਠੀਆ
Ravi Jakhu
ਚੰਡੀਗੜ੍ਹ 26 ਅਪ੍ਰੈਲ 2026: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਦਯੋਗਪਤੀ ਰਾਜਿੰਦਰ ਗੁਪਤਾ ਦੇ ਘਰ ਬਾਹਰ 'ਗੱਦਾਰ' ਲਿਖਣ ਦੀ ਘਿਨਾਉਣੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮਜੀਠੀਆ ਨੇ ਇਸ ਕਾਰਵਾਈ ਲਈ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮਜੀਠੀਆ ਨੇ ਕਿਹਾ ਕਿ ਰਾਜਿੰਦਰ ਗੁਪਤਾ ਸਿਰਫ਼ ਪੰਜਾਬ ਦੇ ਹੀ ਨਹੀਂ, ਸਗੋਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਨ। ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਉਨ੍ਹਾਂ ਦੇ ਉਦਯੋਗਾਂ ਨਾਲ ਚੱਲਦੀ ਹੈ। ਕੋਵਿਡ ਵਰਗੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਵੱਲੋਂ ਨਿਭਾਈ ਗਈ ਨਿਰਸਵਾਰਥ ਸੇਵਾ ਨੂੰ ਪੰਜਾਬ ਕਦੇ ਨਹੀਂ ਭੁੱਲ ਸਕਦਾ। ਅਜਿਹੀ ਇੱਜ਼ਤਦਾਰ ਸ਼ਖ਼ਸੀਅਤ ਨੂੰ 'ਗੱਦਾਰ' ਕਹਿਣਾ ਪੰਜਾਬੀ ਸੰਸਕਾਰਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ।
ਮਜੀਠੀਆ ਨੇ ਰਾਜਨੀਤੀ ਵਿੱਚ ਸੱਭਿਆਚਾਰ ਦੀ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤੋਂ ਕਈ ਆਗੂ 'ਆਪ' ਵਿੱਚ ਗਏ ਹਨ, ਪਰ ਕਿਸੇ ਵੀ ਪਾਰਟੀ ਨੇ ਉਨ੍ਹਾਂ ਦੇ ਘਰਾਂ ਬਾਹਰ ਅਜਿਹੀਆਂ ਹਰਕਤਾਂ ਨਹੀਂ ਕੀਤੀਆਂ। ਉਨ੍ਹਾਂ ਸਵਾਲ ਕੀਤਾ, "ਜਦੋਂ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਤੁਹਾਡੇ ਨਾਲ ਜੁੜੇ ਸਨ, ਕੀ ਕਾਂਗਰਸ ਨੇ ਉਨ੍ਹਾਂ ਦੇ ਘਰ 'ਤੇ 'ਗੱਦਾਰ' ਲਿਖਿਆ ਸੀ?"
ਉਨ੍ਹਾਂ ਕਿਹਾ ਕਿ ਇਹ ਨਵੀਂ ਗੰਦੀ ਪਰੰਪਰਾ ਦਿੱਲੀ ਦੀ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਹੈ, ਜੋ ਵਿਰੋਧ ਨੂੰ ਬਰਦਾਸ਼ਤ ਕਰਨ ਦੀ ਥਾਂ ਡਰਾਉਣ ਅਤੇ ਬਦਨਾਮ ਕਰਨ ਦਾ ਰਸਤਾ ਚੁਣ ਰਹੀ ਹੈ। ਉਨ੍ਹਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਰਾਜਨੀਤੀ ਨਹੀਂ, ਸਗੋਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਰਾਜਿੰਦਰ ਗੁਪਤਾ ਨਾਲ ਪੁਰਾਣੇ ਪਰਿਵਾਰਕ ਸਬੰਧ ਹਨ ਅਤੇ ਉਹ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਘਟੀਆ ਰਾਜਨੀਤੀ ਵਿਰੁੱਧ ਇਕਜੁੱਟ ਹੋਣ ਅਤੇ 'ਆਪ' ਦੀਆਂ ਵੰਡ ਪਾਉਣ ਵਾਲੀਆਂ ਗਤੀਵਿਧੀਆਂ ਦੀ ਖੁੱਲ੍ਹ ਕੇ ਨਿੰਦਾ ਕਰਨ।
Click to Follow Babushahi Facebook page →