Health Special ਸਿਆਸੀ ਤੌਰ ’ਤੇ ਹੱਥ ਸਾੜਨ ਤੋਂ ਬਾਅਦ ਡੇਰਾ ਸਿਰਸਾ ਦਾ ਹੁਣ ਸਮਾਜਿਕ ਕਾਰਜਾਂ ਵੱਲ ਫੋਕਸ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2026 : ਪੰਜਾਬ ਕਾਂਗਰਸ ਨੂੰ ਸਿਆਸੀ ਹਮਾਇਤ ਦੇਣ ਕਾਰਨ ਵੱਡਾ ਨੁਕਸਾਨ ਝੱਲ ਚੁੱਕੇ ਡੇਰਾ ਸਿਰਸਾ ਨੇ ਰਾਜਨੀਤੀ ਦੇ ਮੈਦਾਨ ਤੋਂ ਤੌਬਾ ਕਰਦਿਆਂ ਸਮਾਜਿਕ ਕਾਰਜਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਦਿਨ ਪਹਿਲਾਂ ਪੈਰੋਲ ਤੇ ਆਏ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਸਿਹਤ ਦੇ ਖੇਤਰ ’ਚ ਨਿਵੇਕਲੀ ਪਹਿਲਕਦਮੀ ਕਰਦਿਆਂ ਐੱਮਐੱਸਜੀ ਨੈਚੁਰੋਪੈਥੀ ਹਸਪਤਾਲ ਤੇ ਵੈਲਨੈਸ ਦੀ ਸ਼ੁਰੂਆਤ ਕਰਵਾਈ ਹੈ। ਡੇਰਾ ਸਿਰਸਾ ਦੇ ਸਿਹਤ ਸੇਵਾਵਾਂ ਨਾਲ ਜੁੜੇ ਆਗੂ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਹ ਹਸਪਤਾਲ ਬਨਾਉਣ ਦਾ ਮੁੱਖ ਮੰਤਵ ਲੋਕਾਂ ਦੀ ਦਵਾਈਆਂ ’ਤੇ ਨਿਰਭਰਤਾ ਨੂੰ ਖਤਮ ਅਤੇ ਕੁਦਰਤੀ ਵਿਧੀ ਨਾਲ ਇਲਾਜ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਜੀਵਨਸ਼ੈਲੀ ਨੂੰ ਬਿਹਤਰ ਬਣਾਕੇ ਲੰਮੇਂ ਸਮੇਂ ਤੱਕ ਤੰਦਰੁਸਤ ਜਿੰਦਗੀ ਮਾਣੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਸਪਤਾਲ ਆਉਂਦੇ ਦਿਨੀਂ ਮਰੀਜਾਂ ਲਈ ਵਰਦਾਨ ਬਣੇਗਾ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਵਿਧੀ ਨੂੰ ਪਿਛਲੇ ਦਿਨੀਂ ਡੇਰਾ ਸਿਰਸਾ ਵਿਖੇ ਲੱਗੇ ਮੁਫਤ ਸਿਹਤ ਜਾਂਚ ਕੈਂਪਾਂ ਦੌਰਾਨ ਸਫਲਤਾ ਪੂਰਵਕ ਅਜਮਾਇਆ ਜਾ ਚੁੱਕਿਆ ਹੈ। ਹਸਪਤਾਲ ਦੇ ਚੀਫ ਮੈਡੀਕਲ ਅਫਸਰ ਡਾਕਟਰ ਰਵੀ ਦੀ ਨਿਗਰਾਨੀ ਹੇਠ ਹਸਪਤਾਲ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਡਾ ਰਵੀ ਨੇ ਦੱਸਿਆ ਕਿ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ ਦੀ ਵਿਸਥਾਰਤ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਕੀਤੀ ਜਾਂਦੀ ਹੈ ਜਿਸ ਦੇ ਅਧਾਰ ’ਤੇ ਹੀ ਇਲਾਜ ਦੀ ਵਿਧੀ ਤੈਅ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ’ਚ ਭੋਜਨ ਪਦਾਰਥਾਂ ਦਾ ਵੇਰਵਾ, ਥਰੈਪੀ ਪ੍ਰਕਿਰਿਆ ਅਤੇ ਜੀਵਨਸ਼ੈਲੀ ਦੇ ਜਰੂਰੀ ਨੁਕਤਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਜੋ ਮਨੁੱਖੀ ਸ਼ਰੀਰ ਨੂੰ ਕੁਦਰਤੀ ਤੌਰ ’ਤੇ ਮਜਬੂਤ ਕੀਤਾ ਜਾ ਸਕੇ। ਇਹ ਹਸਪਤਾਲ ਕੇਂਦਰੀ ਆਯੂਸ਼ ਵਿਭਾਗ ਤੋਂ ਮਾਨਤਾ ਪਾਪਤ ਹੈ ਅਤੇ ਤਕਰਬੀਨ ਸਾਢੇ ਤਿੰਨ ਏਕੜ ’ਚ ਹਸਪਤਾਲ ਕੈਂਪਸ ਬਣਾਇਆ ਗਿਆ ਹੈ।
ਐਮਐਸਜੀ ਨੈਚੁਰੋਪੈਥੀ ਹਸਪਤਾਲ ਅਤੇ ਵੈਲਨੈਸ ਦਾ ਖੁੱਲ੍ਹਾ ਡੁੱਲ੍ਹਾ ਗਰਾਊਂਡ ’ਤੇ ਵਾਕਿੰਗ ਟਰੈਕ ਤੋਂ ਇਲਾਵਾ ਪ੍ਰਦੂਸ਼ਣ ਮੁਕਤ ਅਤੇ ਸ਼ੋਰ ਰਹਿਤ ਵਾਤਾਵਰਨ ਮਰੀਜਾਂ ਲਈ ਤੇਜੀ ਨਾਲ ਤੰਦਰੁਸਤ ਹੋਣ ’ਚ ਪੂਰੀ ਤਰਾਂ ਸਹਾਈ ਬਣਦਾ ਹੈ। ਹਸਪਤਾਲ ਸਟਾਫ ਨੇ ਦੱਸਿਆ ਕਿ ਹਸਪਤਾਲ ਕੈਂਪਸ ਦਾ ਸਾਫ ਸੁਥਰਾ ਸ਼ਾਂਤ ਵਾਤਾਵਰਨ ਅਤੇ ਹਰਿਆਲੀ ਦਾ ਵੀ ਮਰੀਜਾਂ ਨੂੰ ਵੱਡਾ ਲਾਭ ਮਿਲਦਾ ਹੈ ਜੋ ਇਲਾਜ ਦੌਰਾਨ ਮਰੀਜ ਨੂੰ ਮਾਨਸਿਕ ਤੌਰ ’ਤੇ ਸਕੂਨ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਚਾਰ ਚੁਫੇਰੇ ਹਰਿਆਲੀ ਦਾ ਐਨਾ ਜਿਆਦਾ ਅਸਰ ਹੋਣ ਲੱਗਿਆ ਹੈ ਕਿ ਮਰੀਜ਼ ਇੱਥੇ ਆਉਣ ਪਿੱਛੋਂ ਖੁਦ ਬਖੁਦ ਹੀ ਤਣਾਅ ਮੁਕਤ ਹੋਣ ਲੱਗੇ ਹਨ। ਇੱਕ ਹੋਰ ਸਟਾਫ ਮੈਂਬਰ ਦਾ ਕਹਿਣਾ ਸੀ ਕਿ ਇੱਕ ਪ੍ਰੀਵਾਰ ਨੇ ਮੰਨਿਆ ਸੀ ਕਿ ਇਹ ਹਰੀ ਪੱਟੀ ਅਤੇ ਕੁਦਰਤੀ ਇਲਾਜ ਦਾ ਹੀ ਅਸਰ ਸੀ ਕਿ ਇੱਥੇ ਆਇਆ ਉਨ੍ਹਾਂ ਦਾ ਤੱਤੇ ਸੁਭਾਅ ਵਾਲਾ ਮਰੀਜ਼ ਮਿੱਠਤ ਨਾਲ ਬੋਲਣ ਲੱਗ ਪਿਆ ਸੀ। Ê
ਹਸਪਤਾਲ ਨੂੰ ਇੱਕ ਅਜਿਹੀ ਪ੍ਰਣਾਲੀ ਦੇ ਰੂਪ ’ਚ ਵਿਕਸਿਤ ਕੀਤਾ ਗਿਆ ਜਿਸ ਵਿੱਚ ਯੋਗਾ, ਧਿਆਨ ਲਾਉਣਾ, ਪੰਚਕਰਮ ਅਤੇ ਇਲਾਜ ਦੀਆਂ ਵੱਖ ਵੱਖ ਕੁਦਰਤੀ ਵਿਧੀਆਂ ਨੂੰ ਅਹਿਮ ਸਥਾਨ ਪ੍ਰਾਪਤ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ ਦੀ ਜਾਂਚ ਤੋਂ ਬਾਅਦ ਵੱਖਰਾ ਡਾਈਟ ਪਲਾਨ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਮੁਤਾਬਕ ਹੀ ਥਰੈਪੀ ਪ੍ਰਕਿਰਿਆ ਨੂੰ ਨਿਰਧਾਰਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸਬੰਧੀ ਮਾਹਿਰ ਮਰੀਜਾਂ ਨੂੰ ਯੋਗ ਆਸਣਾਂ ਤੋਂ ਇਲਾਵਾ ਪ੍ਰਾਣਾਯਾਮ , ਧਿਆਨ ਅਤੇ ਕੁਦਰਤੀ ਇਲਾਜ ਨਾਲ ਸਬੰਧਤ ਕਈ ਪ੍ਰਕਾਰ ਦੀਆਂ ਵਿਧੀਆਂ ਰਾਹੀਂ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਨਾਉਣ ਦੇ ਯਤਨ ਕੀਤੇ ਜਾਂਦੇ ਹਨ। ਪ੍ਰਬੰਧਕਾਂ ਅਨੁਸਾਰ ਹਸਪਤਾਲ ’ਚ ਮਰੀਜਾਂ ਲਈ 40 ਬਿਸਤਰਿਆਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੁਦਰਤੀ ਇਲਾਜ ਦੀ ਪ੍ਰਕਿਰਿਆ ਨੂੰ ਸਹਿਜ਼ ਅਤੇ ਸੁਵਿਧਾਜਨਕ ਬਨਾਉਣ ਲਈ ਔਰਤਾਂ ਅਤੇ ਪੁਰਸ਼ਾਂ ਲਈ ਵੱਖੋ ਵੱਖਰੇ ਪ੍ਰਬੰਧ ਕੀਤੇ ਗਏ ਹਨ।
ਇਲਾਜ ਦੀਆਂ 48 ਵਿਧੀਆਂ
ਐਮਐਸਜੀ ਨੈਚੁਰੋਪੈਥੀ ਹਸਪਤਾਲ ਅਤੇ ਵੈਲਨੈਸ ਇਲਾਜ ਦੀਆਂ 48 ਵਿਧੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇੰਨ੍ਹਾਂ ਵਿੱਚ 10 ਪ੍ਰਕਾਰ ਦੀ ਮਸਾਜ ਥਰੈਪੀ, ਇੱਕ ਦਰਜਨ ਹਾਈਡ੍ਰੋਥਰੈਪੀ, ਪੰਜ ਪ੍ਰਕਾਰ ਦੀ ਸਫਾਈ ਵਿਧੀ, ਯੋਗ ਪੰਚਕਰਮ, ਐਕਿਊਪ੍ਰੈਸ਼ਰ, ਐਕਿਊਪੰਕਚਰ ਅਤੇ ਫਿਜ਼ੀੳਥਰੈਪੀ ਵਰਗੀਆਂ ਸਹੂਲਤਾਂ ਸ਼ਾਮਲ ਹਨ। ਯੋਗ ਵਿਭਾਗ ‘ਚ ਪ੍ਰਾਣਾਯਾਮ ,ਧਿਆਨ ਅਤੇ ਸਾਊਂਡ ਥਰੈਪੀ ਉਪਲਬਧ ਹੈ। ਫਿਜੀਓਥਰਾਪੀ ਯੂਨਿਟ ’ਚ ਟੈਂਨਸ, ਅਲਟਰਾਸਾਊਂਡ ,ਆਈਐਫਟੀ ਅਤੇ ਇਨਫਰਾਰੈਡ ਵਰਗੀਆਂ ਅਤੀਅਧੁਨਿਕ ਤਕਨੀਕਾਂ ਮਰੀਜਾਂ ਨੂੰ ਰਾਹਤ ਪ੍ਰਦਾਨ ਕਰਵਾਉਂਦੀਆਂ ਹਨ।
ਇੰਨ੍ਹਾਂ ਬਿਮਾਰੀਆਂ ਦਾ ਸਫਲ ਇਲਾਜ
ਹਸਪਤਾਲ ’ਚ ਗੈਸ, ਐਸਡਿਟੀ, ਕਬਜ ,ਪੇਟ ਦਰਦ, ਅਲਸਰ ਅਤੇ ਬਵਾਸੀਰ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਗਠੀਆ, ਡਿਸਕ ਦੀ ਸਮੱਸਿਆ,ਐਲਰਜੀ, ਸ਼ੂਗਰ, ਥਾਇਰਾਈਡ ,ਮਾਈਗ੍ਰੇਨ, ਲਕਵਾ , ਚਿੰਤਾ,ਅਨਿੰਦਰਾ, ਮਾਈਗ੍ਰੇਨ ਅਤੇ ਡਿਪਰੈਸ਼ਨ ਸਮੇਤ ਹੋਰ ਵੀ ਕਈ ਪ੍ਰਕਾਰ ਦਾ ਇਲਾਜ ਮੁਹੱਈਆ ਹੈ।
ਭੋਜਨ, ਯੋਗ ’ਤੇ ਜੀਵਨਸ਼ੈਲੀ ਅਹਿਮ
ਐਮਐਸਜੀ ਨੈਚੁਰੋਪੈਥੀ ਹਸਪਤਾਲ ’ਚ ਇਲਾਜ ਦਾ ਸਭ ਤੋਂ ਮਹੱਤਵਪੂਰਨ ਅਧਾਰ ਖਾਣ ਪੀਣ ’ਚ ਸੁਧਾਰ ਨੂੰ ਮੰਨਿਆ ਜਾਂਦਾ ਹੈ। ਪ੍ਰਬੰਧਕਾਂ ਅਨੁਸਾਰ ਇੱਥੇ ਮਰੀਜਾਂ ਨੂੰ ਦਵਾਈਆਂ ’ਤੇ ਨਿਰਭਰ ਕਰਨ ਦੀ ਥਾਂ ਫਲ ,ਸਬਜੀਆਂ, ਸਲਾਦ, ਮੋਟਾ ਅਨਾਜ , ਪੁੰਗਰਿਆ ਅਨਾਜ ਅਤੇ ਕੁਦਰਤੀ ਖੁਰਾਕ ਅਪਨਾਉਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਜਾਂਚ ਰਿਪੋਰਟ ਦੇ ਅਧਾਰ ’ਤੇ ਮਾਹਿਰ ਸਰੀਰ ਚੋਂ ਬੇਲੋੜੇ ਤੱਤਾਂ ਦੀ ਨਿਕਾਸੀ ਅਤੇ ਪਾਚਣ ਤੰਤਰ ਦੀ ਮਜਬੂਤੀ ਲਈ ਡਾਈਟ ਚਾਰਟ ਤਿਆਰ ਕਰਦੇ ਹਨ। ਸਿਹਤ ਮਾਹਿਰ ਯੋਗ , ਪ੍ਰਾਣਾਯਾਮ ’ਤੇ ਧਿਆਨ ਜਰੀਏ ਤਣਾਅ ਘਟਾਉਣ ਅਤੇ ਜੀਵਨਸ਼ੈਲੀ ਨੂੰ ਸੰਤੁਲਿਤ ਬਣਾਕੇ ਰੋਗਾਂ ਨੂੰ ਰੋਕਣ ਦੀ ਸਮਰੱਥਾ ਵਧਾਉਣ ’ਤੇ ਜੋਰ ਦਿੰਦੇ ਹਨ।
Click to Follow Babushahi Facebook page →