ਤਰਨ ਤਾਰਨ ਵਿੱਚ ਭਾਣਾ: ਰਾਤ ਨੂੰ ਚਾਪ-ਮੋਮੋਸ ਖਾਣ ਤੋਂ ਬਾਅਦ ਭੈਣ-ਭਰਾ ਦੀ ਭੇਦਭਰੀ ਹਾਲਤ ਵਿੱਚ ਮੌਤ
Baljit Singh
ਤਰਨ ਤਾਰਨ: 8 ਮਾਰਚ, 2026
ਤਰਨ ਤਾਰਨ ਸ਼ਹਿਰ ਦੀ ਡੀ.ਐਸ.ਪੀ. ਵਾਲੀ ਗਲੀ ਵਿੱਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾ ਦਾਨੀਕਾ ਅਤੇ ਉਸਦੇ 6 ਸਾਲਾ ਛੋਟੇ ਭਰਾ ਆਰਵ ਵਜੋਂ ਹੋਈ ਹੈ। ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ, ਬੱਚਿਆਂ ਨੇ ਬੀਤੀ ਰਾਤ ਬਾਹਰੋਂ ਚਾਪ ਅਤੇ ਮੋਮੋਸ ਖਾਧੇ ਸਨ। ਖਾਣਾ ਖਾਣ ਤੋਂ ਕੁਝ ਦੇਰ ਬਾਅਦ ਹੀ ਦੋਵਾਂ ਬੱਚਿਆਂ ਦੀ ਸਿਹਤ ਅਚਾਨਕ ਵਿਗੜ ਗਈ। ਪਰਿਵਾਰ ਵੱਲੋਂ ਬੱਚਿਆਂ ਨੂੰ ਸੰਭਾਲਣ ਅਤੇ ਤੁਰੰਤ ਮੈਡੀਕਲ ਮਦਦ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਦਕਿਸਮਤੀ ਨਾਲ ਸਵੇਰ ਹੁੰਦੇ-ਹੁੰਦੇ ਦੋਵਾਂ ਬੱਚਿਆਂ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਕੀ ਇਹ ਮੌਤ 'ਫੂਡ ਪੁਆਇੰਟ' (ਖਾਣੇ ਵਿੱਚ ਜ਼ਹਿਰ) ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਫਿਲਹਾਲ, ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
Click to Follow Babushahi Facebook page →