ਏ.ਡੀ.ਸੀ ਸੁਰਿੰਦਰ ਸਿੰਘ ਧਾਲੀਵਾਲ ਕੰਮ ਦਾ ਜਾਇਜ਼ਾ ਲੈਂਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ/ ਬਸੀ ਪਠਾਣਾ, 31 ਅਗਸਤ : ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅਹਿਤਿਆਤੀ ਤੌਰ ਉੱਤੇ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਮੁੜ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੀਆਂ ਡਰੇਨਾਂ ਅਤੇ ਸਰਹਿੰਦ ਚੋਅ ਵਿੱਚ ਪਾਣੀ ਦੀ ਸਥਿਤੀ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਕਿਸੇ ਵੀ ਸੰਕਟ ਵਾਲੀ ਸਥਿਤੀ ਦੀ ਸੰਭਾਵਨਾ ਦੇ ਮੱਦੇਨਜ਼ਰ ਫੌਰੀ ਢੁਕਵੇਂ ਕਦਮ ਚੁੱਕੇ ਜਾਣ ,
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੜ੍ਹ ਆਉਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਸੋਸ਼ਲ ਮੀਡੀਆ ਉਤੇ ਫੈਲਣ ਵਾਲੀਆਂ ਅਜਿਹੀਆਂ ਕਿਸੇ ਵੀ ਅਫਵਾਹਾਂ ਉਤੇ ਯਕੀਨ ਨਾ ਕੀਤਾ ਜਾਵੇ , ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ , ਉਨ੍ਹਾਂ ਕਿਹਾ ਕਿ ਕਿਸੇ ਵੀ ਡਰੇਨ ਜਾਂ ਚੋਅ ਵਿੱਚ ਹਾਲ ਦੀ ਘੜੀ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਜਿਸ ਨਾਲ ਲੋਕਾਂ ਨੂੰ ਕਿਸੇ ਕਿਸਮ ਦਾ ਖਤਰਾ ਪੈਦਾ ਹੁੰਦਾ ਹੋਵੇ
ਇਸੇ ਦੌਰਾਨ ਡੀਸੀ ਡਾ. ਸੋਨਾ ਥਿੰਦ ਦੀਆਂ ਹਦਾਇਤਾਂ ਉੱਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਵਰ੍ਹਦੇ ਮੀਂਹ ਵਿੱਚ ਜੇਸੀਬੀ ਮਸ਼ੀਨ ਰਾਹੀਂ ਪਨੇਚਾਂ ਡਰੇਨ ਵਿੱਚੋ ਬੂਟੀ ਕੱਢਣ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਹਨਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੇ ਵਹਾਅ ਵਿੱਚ ਰੁਕਾਵਟ ਪਾਉਣ ਵਾਲੀ ਬੂਟੀ ਨੂੰ ਨਾਲੋ ਨਾਲ ਕਢਵਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਨੈਚਾ ਡਰੇਨ ਦੀ ਸਫਾਈ ਨਾਲ ਪਿੰਡ ਖੰਟ, ਪਨੈਚਾ, ਮਾਨਪੁਰ, ਪੰਜਕੋਹਾ, ਭੱਟੀਆਂ, ਟੋਡਰਪੁਰ, ਲੁਹਾਰ ਮਾਜਰਾ, ਲੁਹਾਰ ਖੁਰਦ ਤੇ ਪੋਲੋ ਮਾਜਰਾ ਪਿੰਡਾਂ ਦੇ ਵਸਨੀਕ ਰਾਹਤ ਮਹਿਸੂਸ ਕਰਨਗੇ
ਇਸੇ ਦੌਰਾਨ ਐਸ.ਡੀ.ਐਮ ਬਸੀ ਪਠਾਣਾ ਹਰਵੀਰ ਕੌਰ ਨੇ ਵੀ ਅੱਜ ਬਰਸਾਤੀ ਨਾਲਿਆਂ ਵਿੱਚ ਪਾਣੀ ਦੀ ਸਥਿਤੀ ਦਾ ਨਿਰੀਖਣ ਕੀਤਾ ਅਤੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਡਰੇਨ ਵਿੱਚ ਪਾਣੀ ਦਾ ਪੱਧਰ ਨੀਵਾਂ ਹੈ